
ਆਮ ਚੋਣਾਂ ਤੋਂ ਪਹਿਲਾਂ ਹੀ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਬਜਟ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿੱਤੀ ਸਾਲ 2024-25 ਦਾ ਪੂਰਾ ਬਜਟ, ਜੋ ਹੁਣ ਤਿਆਰ ਕੀਤਾ ਜਾ ਰਿਹਾ ਹੈ, ਜੂਨ ਜਾਂ ਜੁਲਾਈ ਦੇ ਮਹੀਨੇ ਪੇਸ਼ ਕੀਤਾ ਜਾ ਸਕਦਾ ਹੈ। ਨੀਤੀਗਤ ਪੱਧਰ ‘ਤੇ ਵੱਡੇ ਬਦਲਾਅ ਜਾਂ ਐਲਾਨ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਹੀ ਕੀਤੇ ਜਾਣਗੇ ਪਰ ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਬਜਟ ਦੇ ਕੁਝ ਹੋਰ ਨੁਕਤਿਆਂ ‘ਤੇ ਕੰਮ ਸ਼ੁਰੂ ਹੋ ਗਿਆ ਹੈ।
ਉਦਯੋਗ ਜਗਤ ਦੇ ਸੂਤਰਾਂ ਅਨੁਸਾਰ ਉਹਨਾਂ ਦੇ ਟੈਕਸ ਨੂੰ ਲੈ ਕੇ ਕਈ ਪ੍ਰਸਤਾਵ ਰੱਖੇ ਹਨ, ਜਿਨ੍ਹਾਂ ‘ਤੇ ਵਿੱਤ ਮੰਤਰਾਲਾ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ। ਉਦਯੋਗ ਜਗਤ ਦੇ ਇਕ ਨੁਮਾਇੰਦੇ ਨੇ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਟੈਕਸ ਪ੍ਰਸਤਾਵਾਂ ‘ਤੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨਾਲ ਚਰਚਾ ਹੋ ਸਕਦੀ ਹੈ। ਪਰ ਬਜਟ ਨਾਲ ਸਬੰਧਤ ਅਭਿਆਸ ਹੁਣ ਤੋਂ ਹੀ ਸ਼ੁਰੂ ਹੋ ਚੁੱਕਾ ਹੈ। ਵਿੱਤ ਮੰਤਰਾਲਾ ਚੋਣਾਂ ਤੋਂ ਬਾਅਦ ਅਗਲੇ 100 ਦਿਨਾਂ ਲਈ ਵਿਜ਼ਨ ਦਸਤਾਵੇਜ਼ ਤਿਆਰ ਕਰ ਰਿਹਾ ਹੈ। ਇਸ ਤੋਂ ਇਲਾਵਾ ਅਗਲੇ ਪੰਜ ਸਾਲਾਂ ਵਿੱਚ ਵਿਕਸਤ ਭਾਰਤ ਦਾ ਟੀਚਾ ਹਾਸਲ ਕਰਨ ਲਈ ਵੀ ਤਿਆਰੀਆਂ ਚੱਲ ਰਹੀਆਂ ਹਨ।