ਅਲਕਾਰਾਜ਼ ਇੰਡੀਅਨ ਵੇਲਸ ਦੇ ਕੁਆਰਟਰ ਫਾਈਨਲ ਵਿੱਚ, ਸਿਨਰ ਦੀ ਲਗਾਤਾਰ 18ਵੀਂ ਜਿੱਤ

ਕਾਰਲੋਸ ਅਲਕਾਰਾਜ਼ ਨੇ ਫੈਬੀਅਨ ਮਾਰੋਜ਼ਸਾਨ ਤੋਂ ਆਪਣੀ ਪਿਛਲੀ ਹਾਰ ਦਾ ਬਦਲਾ ਲੈਂਦਿਆਂ ਬੀਐਨਪੀ ਪਰੀਬਾਸ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਜਦੋਂ ਕਿ ਆਸਟ੍ਰੇਲੀਅਨ ਓਪਨ ਚੈਂਪੀਅਨ ਯੈਨਿਕ ਸਿਨਰ ਨੇ ਆਪਣੀ ਲਗਾਤਾਰ 18ਵੀਂ  ਜਿੱਤ ਦਰਜ ਕੀਤੀ। ਅਲਕਾਰਾਜ਼ ਨੂੰ ਪਿਛਲੇ ਸਾਲ ਇਟਾਲੀਅਨ ਓਪਨ ‘ਚ ਹੰਗਰੀ ਦੇ ਖਿਡਾਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇੱਥੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਸਿੱਧੇ ਸੈੱਟਾਂ ‘ਚ 6-3, 6-3 ਨਾਲ ਜਿੱਤ ਦਰਜ ਕੀਤੀ। 

ਲੂਕਾ ਨਾਰਡੀ ਦੇ ਹੱਥੋਂ ਨੋਵਾਕ ਜੋਕੋਵਿਚ ਦੀ ਹਾਰ ਤੋਂ ਬਾਅਦ ਦੂਜਾ ਦਰਜਾ ਪ੍ਰਾਪਤ ਸਪੇਨ ਦੇ ਅਲਕਾਰਾਜ਼ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਅਲਕਾਰਾਜ਼ ਦਾ ਅਗਲਾ ਮੁਕਾਬਲਾ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ, ਜਿਸ ਨੇ ਐਲੇਕਸ ਡੀ ਮਿਨੌਰ ਤੋਂ ਪਹਿਲਾ ਸੈੱਟ ਗੁਆਉਣ ਤੋਂ ਬਾਅਦ 5-7, 6-2, 6-3 ਨਾਲ ਜਿੱਤ ਦਰਜ ਕੀਤੀ। ਸਿਨਰ ਨੇ ਬੇਨ ਸ਼ੈਲਟਨ ਨੂੰ 7-6(4) 6-1 ਨਾਲ ਹਰਾ ਕੇ ਲਗਾਤਾਰ 18ਵੀਂ ਜਿੱਤ ਹਾਸਲ ਕੀਤੀ। ਇਟਲੀ ਦੇ ਇਸ ਤੀਜਾ ਦਰਜਾ ਪ੍ਰਾਪਤ ਖਿਡਾਰੀ ਨੇ 2024 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਤਾਰ 15 ਮੈਚ ਜਿੱਤੇ ਹਨ। ਹਾਰਡ ਕੋਰਟ ‘ਤੇ ਇਹ ਉਸ ਦੀ 150ਵੀਂ ਜਿੱਤ ਹੈ। ਕੁਆਰਟਰ ਫਾਈਨਲ ਵਿੱਚ ਸਿਨਰ ਦਾ ਸਾਹਮਣਾ ਜਿਰੀ ਲੇਹਕਾ ਨਾਲ ਹੋਵੇਗਾ, ਜਿਸ ਨੇ ਸਟੀਫਾਨੋਸ ਸਿਟਸਿਪਾਸ ਨੂੰ 6-2, 6-4 ਨਾਲ ਹਰਾਇਆ। ਮਹਿਲਾ ਵਰਗ ਵਿੱਚ ਯੂਕਰੇਨ ਦੀ ਮਾਰਟਾ ਕੋਸਤਯੁਕ ਨੇ ਰੂਸ ਦੀ ਅਨਾਸਤਾਸੀਆ ਪਾਵਲੁਚੇਨਕੋਵਾ ਨੂੰ 6-4, 6-1 ਨਾਲ ਅਤੇ ਅਨਾਸਤਾਸੀਆ ਪੋਟਾਪੋਵਾ ਨੇ ਜੈਸਮੀਨ ਪਾਓਲਿਨੀ ਨੂੰ 7-5, 0-6, 6-3 ਨਾਲ ਹਰਾਇਆ।

Leave a Reply

Your email address will not be published. Required fields are marked *