
ਨਵੀਂ ਦਿੱਲੀ- ਦਿੱਲੀ ਸ਼ਰਾਬ ਘਪਲਾ ਮਾਮਲੇ ਦੀ ਜਾਂਚ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ 8ਵੇਂ ਸੰਮਨ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ। ਕੇਜਰੀਵਾਲ ਅੱਜ ਵੀ ਈ. ਡੀ. ਦਫ਼ਤਰ ਵਿਚ ਪੁੱਛ-ਗਿੱਛ ਵਿਚ ਸ਼ਾਮਲ ਨਹੀਂ ਹੋਣਗੇ। ਈ. ਡੀ. ਨੇ 8ਵਾਂ ਸੰਮਨ ਜਾਰੀ ਕਰ ਕੇ 4 ਮਾਰਚ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਹਾਲਾਂਕਿ ਕੇਜਰੀਵਾਲ ਨੇ ਈ. ਡੀ. ਨੂੰ ਜਵਾਬ ਭੇਜ ਕੇ ਕਿਹਾ ਕਿ ਉਹ ਵੀਡੀਓ ਕਾਨਫਰੰਸ ਜ਼ਰੀਏ ਉਸ ਦੇ ਪ੍ਰਸ਼ਨਾਂ ਦਾ ਉੱਤਰ ਦੇਣ ਨੂੰ ਤਿਆਰ ਹੈ ਪਰ ਅਜੇ ਨਹੀਂ। ਉਨ੍ਹਾਂ ਨੇ ਈ. ਡੀ. ਤੋਂ ਇਸ ਲਈ 12 ਮਾਰਚ ਤੋਂ ਬਾਅਦ ਦੀ ਤਾਰੀਖ਼ ਮੰਗੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਈ. ਡੀ. ਨੇ ਪਿਛਲੇ ਹਫਤੇ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ 7 ਸੰਮਨ ਜਾਰੀ ਕਰ ਚੁੱਕੀ ਹੈ ਪਰ ਕੇਜਰੀਵਾਲ ਪੇਸ਼ ਨਹੀਂ ਹੋਏ। ਇਹ 8ਵਾਂ ਸੰਮਨ ਸੀ, ਜਿਸ ਲਈ ਕੇਜਰੀਵਾਲ ਨੂੰ ਅੱਜ 4 ਮਾਰਚ ਨੂੰ ਈ. ਡੀ. ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਈ. ਡੀ. ਦੀ ਸ਼ਿਕਾਇਤ ‘ਚ ਦੋਸ਼ ਲਾਇਆ ਗਿਆ ਹੈ ਕਿ ਕੇਜਰੀਵਾਲ ਜਾਣਬੁੱਝ ਕੇ ਸੰਮਨ ਦਾ ਪਾਲਣ ਨਹੀਂ ਕਰਨਾ ਚਾਹੁੰਦੇ ਸਨ ਅਤੇ ਬਹਾਨੇ ਬਣਾ ਰਹੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਉਨ੍ਹਾਂ ਵਰਗੇ ਉੱਚ ਅਹੁਦੇ ‘ਤੇ ਬੈਠੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਤਾਂ ਇਹ ਆਮ ਆਦਮੀ ਲਈ ਗਲਤ ਉਦਾਹਰਣ ਜਾਵੇਗਾ। ਓਧਰ ਆਮ ਆਦਮੀ ਪਾਰਟੀ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਈ. ਡੀ. ਸਾਹਮਣੇ ਪੇਸ਼ ਨਹੀਂ ਹੋਣਗੇ, ਕਿਉਂਕਿ ਮਾਮਲਾ ਕੋਰਟ ਵਿਚ ਹੈ। ਕੋਰਟ ਵਿਚ ਅਗਲੀ ਸੁਣਵਾਈ 16 ਮਾਰਚ ਨੂੰ ਹੈ।