
ਕੜਾਕੇ ਦੀ ਗਰਮੀ ਨੇ ਟ੍ਰਾਈਸਿਟੀ ਦੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਇੱਕ ਪਾਸੇ ਜਿੱਥੇ ਤਾਪਮਾਨ 46 ਦੇ ਪਾਰ ਪਹੁੰਚ ਗਿਆ ਹੈ, ਉੱਥੇ ਹੀ ਦੂਜੇ ਪਾਸੇ ਲੋਕ ਗਰਮੀ ਕਾਰਨ ਬਿਜਲੀ ਦੇ ਕੱਟਾਂ ਨਾਲ ਜੂਝ ਰਹੇ ਹਨ। ਵੀਰਵਾਰ ਨੂੰ ਚੰਡੀਗੜ੍ਹ ਦੇ ਇਤਿਹਾਸ ‘ਚ ਬਿਜਲੀ ਦੀ ਖਪਤ ਦਾ ਨਵਾਂ ਰਿਕਾਰਡ ਬਣਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ‘ਚ ਬਿਜਲੀ ਦੀ ਖਪਤ ਦਾ ਨਵਾਂ ਰਿਕਾਰਡ, 438 ਮੈਗਾਵਾਟ ‘ਤੇ ਪਹੁੰਚ ਗਿਆ । ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਹ ਉਦੋਂ ਹੈ ਜਦੋਂ ਚੰਡੀਗੜ੍ਹ ਵਿਚ 57 ਤੋਂ 60 ਮੈਗਾਵਾਟ ਤਕ ਬਿਜਲੀ ਸੋਲਰ ਪਲਾਂਟ ਨਾਲ ਪ੍ਰਸ਼ਾਸਨ ਆਪਣੇ ਸਤਰ ’ਤੇ ਪੈਦਾ ਕਰ ਰਿਹਾ ਹੈ।
ਕਈ ਦਿਨਾਂ ਤੋਂ ਬਿਜਲੀ ਦੀ ਖ਼ਪਤ 400 ਮੈਗਾਵਾਟ ਤੋਂ ਉਪਰ ਚਲ ਰਹੀ ਹੈ। ਬੁੱਧਵਾਰ ਨੂੰ ਵੀ ਬਿਜਲੀ ਖ਼ਪਤ 423 ਮੈਗਾਵਾਟ ਤਕ ਪਹੁੰਚ ਚੁੱਕੀ ਹੈ। 22 ਮਈ ਨੂੰ ਸ਼ਹਿਰ ਵਿੱਚ ਬਿਜਲੀ ਦੀ ਖਪਤ 425 ਮੈਗਾਵਾਟ ਤੱਕ ਪਹੁੰਚ ਗਈ ਸੀ। ਕੜਾਕੇ ਦੀ ਗਰਮੀ ਦੇ ਵਿਚਕਾਰ ਕੂਲਰਾਂ ਨੇ ਵੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ‘ਚ ਘਰਾਂ ਅਤੇ ਦਫਤਰਾਂ ‘ਚ AC ਦੀ ਮੰਗ ਕਈ ਗੁਣਾ ਵਧ ਗਈ ਹੈ। ਗਰਮੀ ਕਾਰਨ ਪਹਿਲੀ ਵਾਰ ਹਾਲਾਤ ਅਜਿਹੇ ਹਨ ਕਿ ਦਿਨ ਵੇਲੇ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਬਹੁਤ ਘੱਟ ਰਹੀ।