
ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਭਾਰਤ ਖਿਲਾਫ ਚੌਥੇ ਟੈਸਟ ਕ੍ਰਿਕਟ ਮੈਚ ਲਈ ਤਿਆਰ ਕੀਤੀ ਗਈ ਪਿੱਚ ਬਾਰੇ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਪਿੱਚ ਪਹਿਲਾਂ ਕਦੇ ਨਹੀਂ ਦੇਖੀ। ਭਾਰਤ ਇਸ ਸਮੇਂ ਪੰਜ ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੈ। ਇੱਥੇ ਸ਼ੁੱਕਰਵਾਰ ਤੋਂ ਚੌਥਾ ਟੈਸਟ ਮੈਚ ਖੇਡਿਆ ਜਾਵੇਗਾ। ਹਾਲਾਂਕਿ ਮੈਚ ਤੋਂ ਪਹਿਲਾਂ ਉਸ ਪਿੱਚ ਨੂੰ ਲੈ ਕੇ ਚਰਚਾ ਹੈ ਜਿਸ ‘ਚ ਤਰੇੜਾਂ ਹਨ। ਈ. ਐਸ. ਪੀ. ਐਨ. ਕ੍ਰਿਕਇੰਫੋ ਦੇ ਅਨੁਸਾਰ, ਸਟੋਕਸ ਨੇ ਕਿਹਾ, “ਇਹ ਦਿਲਚਸਪ ਲੱਗ ਰਿਹਾ ਹੈ। ਮੈਂ ਇਸ ਤਰ੍ਹਾਂ ਦੀ ਪਿੱਚ ਬਾਰੇ ਨਹੀਂ ਜਾਣਦਾ, ਇਸ ਲਈ ਜ਼ਿਆਦਾ ਕੁਝ ਨਹੀਂ ਕਹਿ ਸਕਦਾ। ਮੈਂ ਇਸ ਤਰ੍ਹਾਂ ਦੀ ਪਿਚ ਪਹਿਲਾਂ ਕਦੇ ਨਹੀਂ ਦੇਖੀ ਹੈ ਇਸ ਲਈ ਮੈਨੂੰ ਕੋਈ ਪਤਾ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਇਹ ਕਿਸ ਤਰ੍ਹਾਂ ਦਾ ਵਿਵਹਾਰ ਕਰੇਗਾ।”
ਉਸ ਨੇ ਕਿਹਾ, ”ਜਦੋਂ ਡਰੈਸਿੰਗ ਰੂਮ ਤੋਂ ਦੇਖਿਆ ਜਾਵੇ ਤਾਂ ਇਹ ਘਾਹ ਵਰਗਾ ਲੱਗਦਾ ਹੈ ਪਰ ਜਦੋਂ ਤੁਸੀਂ ਨੇੜੇ ਜਾਂਦੇ ਹੋ ਤਾਂ ਇਹ ਬਿਲਕੁਲ ਵੱਖਰਾ ਦਿਖਾਈ ਦਿੰਦਾ ਹੈ। ਇਸ ‘ਚ ਕੁਝ ਤਰੇੜਾਂ ਨਜ਼ਰ ਆ ਰਹੀਆਂ ਹਨ।” ਪਿੱਚ ਦੇ ਸੁਭਾਅ ਕਾਰਨ ਇੰਗਲੈਂਡ ਨੂੰ ਵੀ ਆਪਣੇ ਅੰਤਿਮ ਗਿਆਰਾਂ ਦਾ ਐਲਾਨ ਕਰਨ ‘ਚ ਦੇਰੀ ਹੋਈ ਸੀ। ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਦਾ ਮਾਰਕ ਵੁੱਡ ਦੀ ਜਗ੍ਹਾ ਟੀਮ ‘ਚ ਜਗ੍ਹਾ ਪੱਕੀ ਹੈ ਪਰ ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਸ਼ੋਏਬ ਬਸ਼ੀਰ ਦੇ ਰੂਪ ‘ਚ ਚੌਥੇ ਸਪਿਨਰ ਨੂੰ ਰੱਖਿਆ ਜਾਵੇ ਜਾਂ ਡੈਨ ਲਾਰੇਂਸ ਦੇ ਰੂਪ ‘ਚ ਵਾਧੂ ਬੱਲੇਬਾਜ਼। ਲਾਰੇਂਸ ਇੱਕ ਲਾਭਦਾਇਕ ਆਫ ਸਪਿਨਰ ਵੀ ਹੈ।
ਸਟੋਕਸ ਨੇ ਕਿਹਾ, ”ਰੌਬਿਨਸਨ ਕੋਲ ਸ਼ਾਨਦਾਰ ਹੁਨਰ ਹੈ ਜੋ ਉਸ ਨੂੰ ਦੁਨੀਆ ‘ਚ ਕਿਤੇ ਵੀ ਸਫਲ ਗੇਂਦਬਾਜ਼ ਬਣਾ ਸਕਦਾ ਹੈ। ਇੰਗਲੈਂਡ ‘ਚ ਅਸੀਂ ਦੇਖਿਆ ਕਿ ਉਹ ਬਹੁਤ ਹੁਨਰਮੰਦ ਗੇਂਦਬਾਜ਼ ਹੈ ਪਰ ਪਾਕਿਸਤਾਨ ‘ਚ ਅਸੀਂ ਉਸ ਤੋਂ ਕਿਤੇ ਜ਼ਿਆਦਾ ਦੇਖਿਆ। ਮੰਨਿਆ ਜਾ ਰਿਹਾ ਹੈ ਕਿ ਸਟੋਕਸ ਚੌਥੇ ਟੈਸਟ ਮੈਚ ‘ਚ ਗੇਂਦਬਾਜ਼ੀ ਕਰ ਸਕਦੇ ਹਨ। ਇਸ ਬਾਰੇ ਇਸ ਆਲਰਾਊਂਡਰ ਨੇ ਕਿਹਾ, ”ਮੇਰਾ ਗੋਡਾ ਗੇਂਦਬਾਜ਼ੀ ਲਈ ਬਿਹਤਰ ਸਥਿਤੀ ‘ਚ ਹੈ। ਉਸ 20 ਮਿੰਟ ਦੀ ਰੁਕਾਵਟ ਨੂੰ ਤੋੜਨਾ ਚੰਗਾ ਹੈ ਜਿਸ ‘ਤੇ ਮੈਂ ਅਜੇ ਵੀ ਕੰਮ ਕਰ ਰਿਹਾ ਹਾਂ। ਇਹ ਥੋੜਾ ਕਠੋਰ ਹੈ ਪਰ ਅਸੀਂ ਉਡੀਕ ਕਰਾਂਗੇ।”