
ਪੰਜਾਬ ਸਰਕਾਰ ਵਲੋਂ 22 ਫਰਵਰੀ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ‘ਚ ਆਗਾਮੀ ਬਜਟ ਇਜਲਾਸ ਬਾਰੇ ਚਰਚਾ ਕੀਤੀ ਜਾਵੇਗੀ। ਸੰਭਾਵਨਾ ਹੈ ਕਿ ਫੁਲ ਬਜਟ ਪੇਸ਼ ਕਰਨ ਜਾਂ ਵੋਟ ਆਨ ਅਕਾਊਂਟ ਪੇਸ਼ ਕਰਨ ਬਾਰੇ ਫ਼ੈਸਲਾ ਲਿਆ ਜਾਵੇਗਾ। ਲੋਕ ਸਭਾ ਚੋਣਾਂ ਲਈ ਜਲਦੀ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੀ ਸੰਭਾਵਨਾ ਕਾਰਣ ਸਰਕਾਰ ਨੂੰ ਇਹ ਫ਼ੈਸਲਾ ਲੈਣਾ ਪਵੇਗਾ। ਹਾਲਾਂਕਿ ਸਰਕਾਰ ਵਲੋਂ ਬਜਟ ਸੈਸ਼ਨ 28 ਫਰਵਰੀ ਤੋਂ ਸੱਦੇ ਜਾਣ ਦੀ ਪ੍ਰਬਲ ਸੰਭਾਵਨਾ ਹੈ ਅਤੇ ਮਾਰਚ ਦੇ ਪਹਿਲੇ-ਦੂਜੇ ਹਫ਼ਤੇ ਚੋਣ ਜ਼ਾਬਤਾ ਲੱਗਣ ਦੀ ਚਰਚਾ ਹੈ।
ਜੇਕਰ ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੁੰਦਾ ਹੈ ਤਾਂ ਸਰਕਾਰ ਨੂੰ ਬਜਟ ਮੁਲਤਵੀ ਕਰਦੇ ਹੋਏ ਕਿਸੇ ਵੀ ਕੀਮਤ ’ਤੇ ਵੋਟ ਆਨ ਅਕਾਊਂਟ ਲਿਆਉਣੀ ਹੋਵੇਗੀ ਤਾਂ ਜੋ ਕੋਈ ਸੰਵਿਧਾਨਕ ਸਮੱਸਿਆ ਨਾ ਆਵੇ। ਹੋਰ ਏਜੰਡਿਆਂ ਦੇ ਨਾਲ-ਨਾਲ ਸੂਬੇ ਦੀ ਨਵੀਂ ਆਬਕਾਰੀ ਨੀਤੀ ਨੂੰ ਵੀ ਆਉਣ ਵਾਲੀ ਕੈਬਨਿਟ ਮੀਟਿੰਗ ਵਿਚ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ, ਜਿਸ ਲਈ ਆਬਕਾਰੀ ਤੇ ਕਰ ਵਿਭਾਗ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਧਿਰਾਂ ਨਾਲ ਮੀਟਿੰਗਾਂ ਕਰ ਕੇ ਰੂਪ-ਰੇਖਾ ਤਿਆਰ ਕਰਨ ਵਿਚ ਰੁੱਝਿਆ ਹੋਇਆ ਹੈ।