
ਤਿਰੂਪਤੀ ਮੰਦਰ ਲੱਡੂ ਵਿਵਾਦ ‘ਚ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਘੱਟੋ-ਘੱਟ ਦੇਵਤਿਆਂ ਨੂੰ ਤਾਂ ਰਾਜਨੀਤੀ ਤਾਂ ਦੂਰ ਰੱਖਿਆ ਜਾਣਾ ਚਾਹੀਦਾ। ਨਾਲ ਹੀ ਸੁਪਰੀਮ ਕੋਰਟ ਨੇ ਜਾਣਨਾ ਚਾਹਿਆ ਕਿ ਇਸ ਗੱਲ ਦਾ ਕੀ ਸਬੂਤ ਹੈ ਕਿ ਤਿਰੂਪਤੀ ਲੱਡੂ ਬਣਾਉਣ ‘ਚ ਦੂਸ਼ਿਤ ਘਿਓ ਦਾ ਇਸਤੇਮਾਲ ਕੀਤਾ ਗਿਆ ਸੀ। ਜੱਜ ਬੀ.ਆਰ. ਗਵਈ ਅਤੇ ਜੱਜ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ ਇਹ ਵੀ ਪੁੱਛਿਆ ਕਿ ਜਦੋਂ ਮਾਮਲੇ ਦੀ ਜਾਂਚ ਦੇ ਆਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਤਾਂ ਜਨਤਕ ਬਿਆਨ ਦੇਣ ਦੀ ਕੀ ਲੋੜ ਸੀ। ਬੈਂਚ ਨੇ ਕਿਹਾ,”ਘੱਟੋ-ਘੱਟ, ਅਸੀਂ ਉਮੀਦ ਕਰਦੇ ਹਾਂ ਕਿ ਦੇਵਤਿਆਂ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇਗਾ।” ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਬੈਂਚ ਨੂੰ ਕਿਹਾ ਕਿ ਇਹ ਆਸਥਾ ਦਾ ਮਾਮਲਾ ਹੈ ਅਤੇ ਜੇਕਰ ਲੱਡੂ ਬਣਾਉਣ ‘ਚ ਦੂਸ਼ਿਤ ਘਿਓ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਇਹ ਨਾਮਨਜ਼ੂਰ ਹੈ। ਮਾਮਲੇ ‘ਚ ਸੁਣਵਾਈ ਜਾਰੀ ਹੈ।