
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੰਗਲਵਾਰ ਨੂੰ ਖਾਣ-ਪੀਣ ਦੀਆਂ ਵਸਤੂਆਂ ‘ਚ ਮਨੁੱਖੀ ਰਹਿੰਦ-ਖੂੰਹਦ ਦੀ ਮਿਲਾਵਟ ਨੂੰ ਘਿਣਾਉਣੀ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਸਭ ਸਵੀਕਾਰ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਖਾਣ-ਪੀਣ ਵਾਲੀਆਂ ਵਸਤੂਆਂ ‘ਚ ਮਨੁੱਖੀ ਰਹਿੰਦ-ਖੂੰਹਦ ਜਾਂ ਗੰਦੀਆਂ ਚੀਜ਼ਾਂ ਦੀ ਮਿਲਾਵਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲ ਹੀ ਵਿਚ ਗਾਜ਼ੀਆਬਾਦ ਅਤੇ ਮੁਜ਼ੱਫਰਨਗਰ ਜ਼ਿਲ੍ਹਿਆਂ ਵਿਚ ਖਾਧ ਪਦਾਰਥਾਂ ‘ਚ ਪਿਸ਼ਾਬ ਅਤੇ ਥੁੱਕ ਦੀ ਕਥਿਤ ਤੌਰ ‘ਤੇ ਮਿਲਾਵਟ ਦੀ ਸੂਚਨਾ ਜਨਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਦਾ ਇਹ ਨਿਰਦੇਸ਼ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਕ ਅਧਿਕਾਰਤ ਬਿਆਨ ਅਨੁਸਾਰ ਦੇਸ਼ ਦੇ ਵੱਖ-ਵੱਖ ਖੇਤਰਾਂ ‘ਚ ਸਾਹਮਣੇ ਆਈਆਂ ਅਜਿਹੀਆਂ ਘਟਨਾਵਾਂ ਦਾ ਨੋਟਿਸ ਲੈਂਦਿਆਂ ਮੰਗਲਵਾਰ ਨੂੰ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪ੍ਰਦੇਸ਼ ਦੇ ਸਾਰੇ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਆਦਿ ਦੀ ਡੂੰਘਾਈ ਨਾਲ ਜਾਂਚ, ਪੜਤਾਲ ਆਦਿ ਦੇ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਆਮ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਨਿਯਮਾਂ ‘ਚ ਲੋੜ ਅਨੁਸਾਰ ਸੋਧ ਕਰਨ ਦੇ ਨਿਰਦੇਸ਼ ਦਿੱਤੇ। ਯੋਗੀ ਨੇ ਕਿਹਾ ਹੈ ਕਿ ਅਜਿਹੇ ਢਾਬਿਆਂ ਅਤੇ ਰੈਸਟੋਰੈਂਟ ਆਦਿ ਖਾਣ-ਪੀਣ ਵਾਲੇ ਅਦਾਰਿਆਂ ਦੀ ਡੂੰਘਾਈ ਨਾਲ ਜਾਂਚ ਅਤੇ ਹਰੇਕ ਕਰਮਚਾਰੀ ਦੀ ਪੁਲਸ ਵੈਰੀਫਿਕੇਸ਼ਨ ਕੀਤੀ ਜਾਵੇ। ਨਾਲ ਹੀ ਖਾਣ-ਪੀਣ ਦੀਆਂ ਵਸਤੂਆਂ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਫੂਡ ਸੇਫਟੀ ਐਂਡ ਸਟੈਂਡਰਡ ਐਕਟ ‘ਚ ਜ਼ਰੂਰੀ ਸੋਧ ਵੀ ਕੀਤਾ ਜਾਵੇ।