
ਅੱਜ 2024 ਪੈਰਿਸ ਓਲੰਪਿਕ ‘ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਮਹਿਲਾ ਖਿਡਾਰੀ ਮਨੂ ਭਾਕਰ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੀ। ਜਿੱਥੇ ਉਨ੍ਹਾਂ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਆਸ਼ੀਰਵਾਦ ਪ੍ਰਾਪਤ ਕੀਤੀ।ਇਸ ਦੌਰਾਨ ਮਨੂ ਭਾਕਰ ਪਰਿਵਾਰ ਨਾਲ ਵਾਹਘਾ ਬਾਰਡਰ ਵੀ ਗਈ ਅਤੇ ਰੀਟਰੀਟ ਸੈਰਾਮਨੀ ਦਾ ਆਨੰਦ ਵੀ ਮਾਨਿਆ। ਇਸ ਮੌਕੇ ਉਨ੍ਹਾਂ ਨੇ ਰੀਟਰੀਟ ਸੈਰਾਮਨੀ ‘ਚ ਬੀ. ਐੱਸ. ਐੱਫ਼. ਜਵਾਨਾਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ। ਬੀ. ਐੱਸ. ਐੱਫ਼. ਅਧਿਕਾਰੀਆਂ ਵੱਲੋਂ ਮਨੂ ਭਾਕਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉੱਥੇ ਹੀ ਰਿਟਰੀਟ ਸੈਰਾਮਨੀ ਤੋਂ ਬਾਅਦ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਮਨੂ ਭਾਕਰ ਨੇ ਕਿਹਾ ਕਿ ਮੈਂ ਪੰਜਾਬ ‘ਚ ਪਹਿਲੀ ਵਾਰ ਆਈ ਹਾਂ ਬਹੁਤ ਸੁਣਿਆ ਸੀ ਕਿ ਅੰਮ੍ਰਿਤਸਰ ‘ਚ ਵਾਹਘਾ ਬਾਰਡਰ ਹੈ, ਜਿੱਥੇ ਦੋ ਸਰਹਦਾਂ ਆਪਸ ਵਿੱਚ ਮਿਲਦੀਆਂ ਹਨ, ਇੱਕ ਬੰਨੇ ਭਾਰਤ ਤੇ ਦੂਜੇ ਬੰਨੇ ਪਾਕਿਸਤਾਨ ਹੈ। ਜਦੋਂ ਮੈਂ ਇੱਥੇ ਪੁੱਜੀ ਤਾਂ ਵੇਖਿਆ ਫਿਰ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ । ਉਨ੍ਹਾਂ ਕਿਹਾ ਕਿ ਮੇਰੇ ਮਨ ਵਿੱਚ ਬਹੁਤ ਉਤਸ਼ਾਹ ਸੀ ਕਿ ਇਹ ਜਵਾਨ ਸਾਡੀ ਸੁਰੱਖਿਆ ਨੂੰ ਲੈ ਕੇ ਮੁਸਤੈਦ ਰਹਿੰਦੇ ਹਨ।