
ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਜਬਰ-ਜ਼ਨਾਹ ਦੇ ਦੋਸ਼ ‘ਚ ਇਕ ਬਜ਼ੁਰਗ ਨੂੰ ਮਾਸੂਮ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਤੇਜ਼ਾਬ ਪਾ ਕੇ ਕਤਲ ਕਰ ਦਿੱਤਾ। ਉਸ ਦੀ ਲਾਸ਼ ਨੂੰ ਝਾੜੀਆਂ ਵਿੱਚ ਸੁੱਟ ਦਿੱਤਾ ਗਿਆ। ਬਦਬੂ ਆਉਣ ‘ਤੇ ਬਜ਼ੁਰਗ ਦੀ ਮੌਤ ਦਾ ਪਤਾ ਲੱਗਾ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਲਾਸ਼ ‘ਚੋਂ ਨਿਕਲ ਰਹੀ ਬਦਬੂ ਇੰਨੀ ਭਿਆਨਕ ਸੀ ਕਿ ਪੁਲਸ ਨੂੰ ਰੂਮ ਸਪਰੇਅ ਵੀ ਕਰਨਾ ਪਿਆ। ਮੌਤ ਤੋਂ ਪਹਿਲਾਂ ਦੋਸ਼ੀ ਬਜ਼ੁਰਗ ਨੇ ਹੱਥ ਜੋੜ ਕੇ ਕੰਨ ਫੜ ਕੇ ਮੁਆਫੀ ਵੀ ਮੰਗੀ ਸੀ। ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਪੁਲਸ ਨੇ ਮ੍ਰਿਤਕ ਬਜ਼ੁਰਗ ਦੇ ਲੜਕੇ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਕਤਲ ਦੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਤਲ ਕਰਨ ਤੋਂ ਇਨਕਾਰ ਕੀਤਾ ਹੈ। ਪੁਲਸ ਨੇ ਫੋਰੈਂਸਿਕ ਅਤੇ ਡੌਗ ਸਕੁਐਡ ਟੀਮਾਂ ਬੁਲਾ ਕੇ ਸਬੂਤ ਇਕੱਠੇ ਕੀਤੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਫਰਾਰ ਰਹਿਣ ਤੋਂ ਬਾਅਦ ਬਜ਼ੁਰਗ ਪੀੜਤਾ ਦੇ ਘਰ ਮੁਆਫੀ ਮੰਗਣ ਗਿਆ ਸੀ ਅਤੇ ਉਸੇ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬਜ਼ੁਰਗ ਨੂੰ ਤੇਜ਼ਾਬ ਪਾ ਕੇ ਸਾੜ ਦਿੱਤਾ ਗਿਆ ਅਤੇ ਮੌਤ ਤੋਂ ਬਾਅਦ ਉਸ ਦੀ ਲਾਸ਼ ਘਰ ਦੇ ਪਿੱਛੇ ਝਾੜੀਆਂ ਵਿੱਚ ਸੁੱਟ ਦਿੱਤੀ ਗਈ।