
ਦਿੱਲੀ ਤੋਂ ਮੁੰਬਈ ਆਉਣ ਵਾਲੀ ਇਕ ਫਲਾਈਟ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਵਿਅਕਤੀ ਟਾਇਲਟ ‘ਚ ਸਿਗਰਟ ਪੀ ਰਿਹਾ ਸੀ। ਸਿਗਰਟ ਪੀਣ ਦੇ ਦੋਸ਼ ‘ਚ 38 ਸਾਲਾ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਰਾਸ਼ਟਰੀ ਰਾਜਧਾਨੀ ਤੋਂ ਵਿੱਤੀ ਰਾਜਧਾਨੀ ਆ ਰਹੀ ਇੰਡੀਗੋ ਦੀ ਫਲਾਈਟ ‘ਚ ਵਾਪਰੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਾਮ ਕਰੀਬ 5.15 ਵਜੇ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਜਹਾਜ਼ ਵਿੱਚ 176 ਯਾਤਰੀ ਸਵਾਰ ਸਨ। ਮੁੰਬਈ ਏਅਰਪੋਰਟ ‘ਤੇ ਪਹੁੰਚਣ ਤੋਂ ਕਰੀਬ 50 ਮਿੰਟ ਪਹਿਲਾਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਖਲੀਲ ਕਾਜਮੁਲ ਖਾਨ ਨਾਂ ਦਾ ਯਾਤਰੀ ਟਾਇਲਟ ਗਿਆ। ਅਧਿਕਾਰੀ ਨੇ ਦੱਸਿਆ ਕਿ ਖਾਨ ਦੇ ਟਾਇਲਟ ‘ਚ ਸਿਗਰਟ ਪੀਣ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਨੂੰ ਸਮੋਕ ਸੈਂਸਰ ਬੰਦ ਹੋਣ ਕਾਰਨ ਇਸ ਬਾਰੇ ਪਤਾ ਲੱਗਾ। ਜਦੋਂ ਉਹ ਬਾਹਰ ਆਇਆ ਤਾਂ ਚਾਲਕ ਦਲ ਨੂੰ ਟਾਇਲਟ ਵਿੱਚ ਇੱਕ ਮਾਚਿਸ ਅਤੇ ਸਿਗਰੇਟ ਦਾ ਇਕ ਟੁੱਕੜਾ ਮਿਲਿਆ।