
ਜਾਪਾਨ ਦੇ ਓਕਿਨਾਵਾ ਦੀਪ ਖੇਤਰ ‘ਚ ਇਕ ਅਮਰੀਕੀ ਫ਼ੌਜੀ ‘ਤੇ ਦਸੰਬਰ ‘ਚ 16 ਸਾਲ ਤੋਂ ਘੱਟ ਉਮਰ ਦੀ ਨਾਬਾਲਗ ਨੂੰ ਅਗਵਾ ਕਰਨ ਅਤੇ ਉਸ ਨਾਲ ਬਿਨਾਂ ਸਹਿਮਤੀ ਦੇ ਜਿਨਸੀ ਸ਼ੋਸ਼ਣ ਬਣਾਉਣ ਦਾ ਦੋਸ਼ ਲੱਗਾ ਹੈ। ਕਿਓਡੋ ਨਿਊਜ਼ ਨੇ ਮੰਗਲਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਨਾਹਾ ਜ਼ਿਲ੍ਹਾ ਸਰਕਾਰੀ ਵਕੀਲ ਦਫ਼ਤਰ ਨੇ 27 ਮਾਰਚ ਨੂੰ 25 ਸਾਲਾ ਬ੍ਰੇਨਨ ਵਾਸ਼ਿੰਗਟਨ ਖ਼ਿਲਾਫ਼ ਦੋਸ਼ ਦਾਇਰ ਕੀਤੇ। ਫ਼ੌਜ ਕਰਮੀਆਂ ਨਾਲ ਜੁੜੀ ਇਸ ਤਾਜ਼ਾ ਘਟਨਾ ਨਾਲ ਜਾਪਾਨ ‘ਚ ਅਮਰੀਕੀ ਫ਼ੌਜ ਮੌਜੂਦਗੀ ਦੇ ਪ੍ਰਤੀ ਸਥਾਨਕ ਵਿਰੋਧ ਹੋਰ ਭੜਕ ਸਕਦਾ ਹੈ। ਦੋਸ਼ਾਂ ਅਨੁਸਾਰ, ਅਮਰੀਕੀ ਹਵਾਈ ਫ਼ੌਜ ਦੇ ਮੈਂਬਰ ਨੇ ਨਾਬਾਲਗ ਨੂੰ 24 ਦਸੰਬਰ 2023 ਨੂੰ ਯੋਮਿਤਾਨ ਦੀ ਇਕ ਪਾਰਕ ‘ਚ ਆਪਣੀ ਕਾਰ ‘ਚ ਗੱਲ ਕਰਨ ਲਈ ਬੁਲਾਇਆ ਅਤੇ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਇਸ ਤੋਂ ਬਾਅਦ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਪੀੜਤਾ ਦੇ ਇਕ ਰਿਸ਼ਤੇਦਾਰ ਨੇ ਘਟਨਾ ਦੇ ਦਿਨ ਹੀ ਪੁਲਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਸੀ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਤੋਂ ਬਾ੍ਦ ਪੁਲਸ ਨੇ 11 ਮਾਰਚ ਨੂੰ ਸ਼ੱਕੀ ਦੇ ਦਸਤਾਵੇਜ਼ ਸਰਕਾਰੀ ਵਕੀਲਾਂ ਨੂੰ ਭੇਜੇ। ਇਸ ‘ਚ ਕਿਹਾ ਗਿਆ ਹੈ ਕਿ ਮਾਮਲੇ ਦੀ ਪਹਿਲੀ ਸੁਣਵਾਈ 12 ਜੁਲਾਈ ਨੂੰ ਨਾਹਾ ਜ਼ਿਲ੍ਹਾ ਅਦਾਲਤ ‘ਚ ਹੋਵੇਗੀ। ਨਾਹਾ ਦੇ ਵਕੀਲਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਹੈ ਕਿ ਦੋਸ਼ੀ ਨੇ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ ਜਾਂ ਨਹੀਂ। ਦੱਸਣਯੋਗ ਹੈ ਕਿ ਜਾਪਾਨ ਦਾ ਓਕੀਨਾਵਾ ਦੇਸ਼ ‘ਚ ਸਾਰੇ ਅਮਰੀਕੀ ਫ਼ੌਜ ਟਿਕਾਣਿਆਂ ‘ਚੋਂ 70 ਫ਼ੀਸਦੀ ਦੀ ਮੇਜ਼ਬਾਨੀ ਕਰਦਾ ਹੈ, ਜਦੋਂ ਕਿ ਦੇਸ਼ ਦੇ ਕੁੱਲ ਜ਼ਮੀਨੀ ਖੇਤਰ ਦਾ ਸਿਰਫ਼ 0.6 ਫ਼ੀਸਦੀ ਹਿੱਸਾ ਓਕੀਨਾਵਾ ‘ਚ ਹੈ।