
ਕਪੂਰਥਲਾ ਬੀਤੀ ਦੇਰ ਰਾਤ ਥਾਣਾ ਢਿੱਲਵਾਂ ਅਧੀਨ ਆਉਂਦੇ ਪਿੰਡ ਚੱਕੋਕੀ ਮੰਡ ਵਿਖੇ ਡੇਰੇ ‘ਤੇ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਡੀ. ਐੱਸ. ਪੀ. ਕਪੂਰਥਲਾ ਭਰਤ ਭੂਸ਼ਣ ਸੈਣੀ ਅਤੇ ਥਾਣਾ ਢਿੱਲਵਾਂ ਮੁਖੀ ਸੁਖਬੀਰ ਸਿੰਘ ਭਾਰੀ ਫੋਰਸ ਸਣੇ ਮੌਕੇ ‘ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਛਾਣ ਚੰਦਰ ਕਿਰਕਿਟਾ ਪੁੱਤਰ ਬੰਧਨ ਕਿਰਕਿਟਾ ਜ਼ਿਲ੍ਹਾ ਸ਼ਿਮਡਿਗਾ (ਝਾਰਖੰਡ ) ਵਜੋਂ ਹੋਈ ਹੈ। ਉਹ ਪਿਛਲੇ ਤਕਰੀਬਨ 20 ਸਾਲ ਤੋਂ ਕਰਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮੁਗਲ ਚੱਕ ( ਢਿੱਲਵਾਂ) ਦੇ ਡੇਰੇ ਚੱਕੋਕੀ ਮੰਡ ਵਿਖੇ ਇਕੱਲਾ ਹੀ ਰਹਿ ਰਿਹਾ ਸੀ। ਮਾਮਲੇ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਭਰਤ ਭੂਸ਼ਣ ਸੈਣੀ ਨੇ ਦੱਸਿਆ ਇਸ ਘਟਨਾਕ੍ਰਮ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।