
ਅਮਰੀਕਾ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜੋਅ ਬਾਈਡੇਨ ਨਵੀਂ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਵੱਡਾ ਐਲਾਨ ਕਰਨ ਵਾਲੇ ਹਨ, ਜਿਸ ਨਾਲ ਹੁਣ ਤੱਕ ਬਿਨਾਂ ਕਿਸੇ ਵੈਧ ਸਥਿਤੀ ਦੇ ਦੇਸ਼ ‘ਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਨੂੰ ਰਾਹਤ ਮਿਲ ਸਕਦੀ ਹੈ ਅਤੇ ਉਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲਣ ਦਾ ਰਸਤਾ ਸਾਫ਼ ਹੋ ਸਕਦਾ ਹੈ। ਇਸ ਕਦਮ ਨੂੰ ਮਹੀਨੇ ਦੀ ਸ਼ੁਰੂਆਤ ‘ਚ ਸਰਹੱਦ ‘ਤੇ ਉਨ੍ਹਾਂ ਵਲੋਂ ਅਪਣਾਈ ਗਈ ਹਮਲਾਵਰ ਨੀਤੀ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੇ ਹਮਲਾਵਰ ਰੁਖ ਨੇ ਕਈ ਡੈਮੋਕ੍ਰੇਟਿਕਟ ਸੰਸਦ ਮੈਂਬਰਾਂ ਨੂੰ ਨਾਰਾਜ਼ ਕਰ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਦਫ਼ਤਰ ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਬਾਈਡੇਨ ਪ੍ਰਸ਼ਾਸਨ ਆਉਣ ਵਾਲੇ ਮਹੀਨਿਆਂ ‘ਚ ਕਾਨੂੰਨੀ ਸਥਿਤੀ ਦੇ ਬਿਨਾਂ ਰਹਿ ਰਹੇ ਅਮਰੀਕੀ ਨਾਗਰਿਕਾਂ ਦੇ ਕੁਝ ਜੀਵਨਸਾਥੀਆਂ ਨੂੰ ਸਥਾਈ ਨਿਵਾਸ ਅਤੇ ਨਾਗਰਿਕਤਾ ਲਈ ਅਰਜ਼ੀ ਕਰਨ ਦੀ ਮਨਜ਼ੂਰੀ ਦੇਵੇਗਾ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਇਸ ਕਦਮ ਨਾਲ 5 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਲਾਭ ਹੋ ਸਕਦਾ ਹੈ। ਅਜਿਹੇ ‘ਚ ਬਾਈਡੇਨ ਦੀ ਨਵੀਂ ਨੀਤੀ ਉਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਤੋਂ ਬਚਾਏਗੀ ਅਤੇ ਉਨ੍ਹਾਂ ਨੂੰ ਉੱਥੇ ਕੰਮ ਕਰਨ ਦੀ ਵੀ ਮਨਜ਼ੂਰੀ ਦੇਵੇਗੀ, ਜਿਸ ਨਾਲ ਉਨ੍ਹਾਂ ਨੂੰ ਨਾਗਰਿਕਤਾ ਮਿਲਣ ਦੀਆਂ ਸੰਭਾਵਨਾਵਾਂ ਬਣ ਜਾਣਗੀਆਂ।