
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦਾ ਜਹਾਜ਼ ਐਤਵਾਰ ਨੂੰ ਜਾਪਾਨ ਜਾਂਦੇ ਸਮੇਂ ਖਰਾਬ ਹੋ ਗਿਆ। ਇਸ ਤੋਂ ਬਾਅਦ ਉਹ ਪਾਪੂਆ ਨਿਊ ਗਿਨੀ ਤੋਂ ਕਮਰਸ਼ੀਅਲ ਫਲਾਈਟ ਲੈ ਕੇ ਜਾਪਾਨ ਲਈ ਰਵਾਨਾ ਹੋਏ। ਉਨ੍ਹਾਂ ਦੇ ਦਫਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕ੍ਰਿਸਟੋਫਰ ਲਕਸਨ ਚਾਰ ਦਿਨਾਂ ਦੇ ਦੌਰੇ ‘ਤੇ ਜਾਪਾਨ ਗਏ ਹਨ। ਆਪਣੀ ਯਾਤਰਾ ਦੌਰਾਨ ਕ੍ਰਿਸਟੋਫਰ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕਰਨਗੇ।
ਇਸ ਦੌਰਾਨ ਉਹ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਨਿਊਜ਼ੀਲੈਂਡ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਬਾਰੇ ਚਰਚਾ ਕਰਨਗੇ। ਜਹਾਜ਼ ‘ਚ ਖਰਾਬੀ ਦੇ ਬਾਰੇ ‘ਚ ਨਿਊਜ਼ੀਲੈਂਡ ਦੇ ਮੀਡੀਆ ਨੇ ਦੱਸਿਆ ਕਿ ਪਾਪੂਆ ਨਿਊ ਗਿਨੀ ‘ਚ ਰਿਫਿਊਲਿੰਗ (ਇੰਧਨ ਭਰਾਉਣ ਵੇਲੇ) ਦੌਰਾਨ ਬੋਇੰਗ 757 ਖਰਾਬ ਹੋ ਗਿਆ। ਇਸ ਤੋਂ ਬਾਅਦ ਪੀਐਮ ਲਕਸਨ ਇੱਕ ਕਮਰਸ਼ੀਅਲ ਫਲਾਈਟ ਰਾਹੀਂ ਜਾਪਾਨ ਲਈ ਰਵਾਨਾ ਹੋਏ। ਬੋਇੰਗ 757 ਜਹਾਜ਼ ਜਿਸ ਵਿੱਚ ਕ੍ਰਿਸਟੋਫਰ ਸਫਰ ਕਰ ਰਹੇ ਸਨ, ਉਹ ਲਗਭਗ 30 ਸਾਲ ਪੁਰਾਣਾ ਹੈ।