
ਯੂਕਰੇਨੀ ਬਲਾਂ ਨੇ ਰੂਸ ਦੇ ਖੇਰਸਨ ਦੇ ਸਾਦੋਵੋਏ ਪਿੰਡ ਵਿੱਚ ਇੱਕ ਸਟੋਰ ਨੂੰ ਬੰਬ ਨਾਲ ਉਡਾ ਦਿੱਤਾ। ਇਸ ਹਮਲੇ ‘ਚ ਘੱਟੋ-ਘੱਟ 22 ਨਾਗਰਿਕ ਮਾਰੇ ਗਏ। ਇਸ ਹਮਲੇ ਦੀ ਜਾਣਕਾਰੀ ਖੇਤਰ ਦੇ ਗਵਰਨਰ ਵਲਾਦੀਮੀਰ ਸਾਲਡੋ ਵਲੋਂ ਦਿੱਤੀ ਗਈ ਹੈ। ਸਮਾਚਾਰ ਏਜੰਸੀ ਟਾਸ ਦੀ ਰਿਪੋਰਟ ਮੁਤਾਬਕ ਸਲਡੋ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹਮਲੇ ਦੇ ਸਮੇਂ ਸਟੋਰ ਦੇ ਅੰਦਰ ਵੱਡੀ ਗਿਣਤੀ ‘ਚ ਗਾਹਕ ਅਤੇ ਕਰਮਚਾਰੀ ਮੌਜੂਦ ਸਨ। ਸਟੋਰ ‘ਤੇ ਇਹ ਹਮਲਾ ਦੋ ਵਾਰ ਕੀਤਾ ਗਿਆ।ਸਾਲਡੋ ਨੇ ਕਿਹਾ, “ਪਹਿਲੀ ਵਾਰ ਜਦੋਂ ਹਮਲਾ ਹੋਇਆ ਤਾਂ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਹਮਲੇ ਵਿਚ ਪੀੜਤ ਹੋਏ ਲੋਕਾਂ ਦੀ ਮਦਦ ਕਰਨ ਲਈ ਬਾਹਰ ਭੱਜੇ।” ਥੋੜੀ ਦੇਰ ਬਾਅਦ, ਹਿਮਾਰਸ ਮਿਜ਼ਾਈਲ ਨਾਲ ਹਮਲਾ ਹੋਇਆ। ਇਸ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ 2 ਬੱਚੇ ਵੀ ਸ਼ਾਮਲ ਹਨ। ਦੱਸ ਦੇਈਏ ਕਿ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਇਸ ਜੰਗ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਇਹ ਜੰਗ ਸਮੇਂ ਦੇ ਨਾਲ-ਨਾਲ ਖ਼ਤਰਨਾਕ ਮੋੜ ਲੈ ਰਹੀ ਹੈ।