
ਸਾਈਬਰ ਠੱਗਾਂ ਵੱਲੋਂ ਆਏ ਦਿਨ ਲੋਕਾਂ ਨੂੰ ਆਪਣੀਆਂ ਗੱਲਾਂ ਵਿਚ ਫਸਾ ਕੇ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਜਿਸ ਵਿਚ ਚੰਗੇ ਬਿਜ਼ਨਸਮੈਨ ਅਤੇ ਹੋਰ ਵੀ ਨਾਮਵਰ ਲੋਕ ਇਨ੍ਹਾਂ ਦੇ ਸ਼ਿਕੰਜੇ ਵਿਚ ਫਸ ਚੁੱਕੇ ਹਨ। ਇਨ੍ਹਾਂ ਸਾਈਬਰ ਠੱਗਾਂ ਵੱਲੋਂ ਹੁਣ ਗੁਰੂ ਘਰਾਂ ਦੀਆਂ ਸਰਾਵਾਂ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਕਰ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚਦੇ ਹਨ ਅਤੇ ਛੁੱਟੀਆਂ ਵਿਚ ਇਹ ਗਿਣਤੀ ਬਹੁਤ ਵਧ ਜਾਂਦੀ ਹੈ।
ਉਨ੍ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਜੇਕਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਵਾਸਤੇ ਉਹ ਸ਼੍ਰੋਮਣੀ ਕਮੇਟੀ ਦੀਆਂ ਸਾਈਟਾਂ ’ਤੇ ਹੀ ਆਨਲਾਈਨ ਬੁਕਿੰਗ ਕਰਾਉਣ, ਨਾ ਕਿ ਕੋਈ ਆਮ ਵਿਅਕਤੀ ਵੱਲੋਂ ਕੀਤੇ ਗਏ ਫੋਨ ਰਾਹੀਂ ਉਹ ਕਿਸੇ ਵਿਸ਼ੇਸ਼ ਵਿਅਕਤੀ ਦੇ ਅਕਾਊਂਟ ਵਿਚ ਕਮਰਾ ਬੁੱਕ ਕਰਾਉਣ ਲਈ ਪੈਸੇ ਪਾਉਣ ਤੋਂ ਪਹਿਲਾਂ ਤੁਹਾਨੂੰ ਸਾਵਧਾਨ ਹੋਣ ਪਵੇਗਾ।
ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦ ਦੀਆਂ ਗਰਮੀ ਦੀਆਂ ਛੁੱਟੀਆਂ ਪਈਆਂ ਹਨ। ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨਾਲ ਆਨਲਾਈਨ ਠੱਗੀ ਹੋ ਰਹੀ ਹੈ। ਇਥੋਂ ਤੱਕ ਕਿ ਇਕ ਵਿਅਕਤੀ ਵੱਲੋਂ ਪਹਿਲਾਂ ਤਾਂ 3100 ਰੁਪਏ ਸਰਾਵਾਂ ਦੇ ਨਾਂ ’ਤੇ ਆਪਣੇ ਅਕਾਊਂਟ ਵਿਚ ਟ੍ਰਾਂਸਫਰ ਕਰਵਾਇਆ ਅਤੇ ਉਸ ਤੋਂ ਬਾਅਦ ਸਾਰੇ ਪੈਸੇ ਉਨ੍ਹਾਂ ਦੇ ਅਕਾਊਂਟ ਵਿੱਚੋਂ ਹੜਪ ਲਏ ਗਏ। ਉਨ੍ਹਾਂ ਨੇ ਕਿਹਾ ਕਿ ਸ਼ਰਧਾਲੂ ਮਾਂ-ਪੁੱਤਰ ਵੱਲੋਂ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਸ ਕਮਿਸ਼ਨਰ ਨੇ ਵੀ ਤੁਰੰਤ ਕਾਰਵਾਈ ਕਰਨ ਲਈ ਆਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਮਰਾ ਬੁੱਕ ਕਰਵਾਉਂਦਾ ਹੈ ਤਾਂ ਉਸ ਨੂੰ ਕਮਰੇ ਦੀ ਰਸੀਦ ਜੇਕਰ ਨਹੀਂ ਮਿਲਦੀ ਤਾਂ ਉਹ ਕਿਸੇ ਵੀ ਵਿਅਕਤੀ ਦੇ ਅਕਾਊਂਟ ਵਿਚ ਪੈਸੇ ਬਿਲਕੁਲ ਵੀ ਟਰਾਂਸਫਰ ਨਾ ਕਰੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਸ਼ਰਧਾਲੂਆਂ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ । ਦੱਸਣਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਜਿੱਥੇ ਸਰਾਵਾਂ ਦੇ ਨਾਂ ’ਤੇ ਸ਼ਰਧਾਲੂਆਂ ਨੂੰ ਵੱਡੀ ਠੱਗੀ ਦਾ ਸ਼ਿਕਾਰ ਹੋਣਾ ਪਿਆ ਹੋਵੇ।