
ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਆਦਮੀ ਪਾਰਟੀ (ਆਪ) ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ‘ਤੇ ਹਮਲੇ ਦੇ ਮੁੱਦੇ ‘ਤੇ ਨਹੀਂ ਬੋਲਣ ਲਈ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ। ਸੀਤਾਰਮਨ ਨੇ ਕਿਹਾ ਕਿ ਉਹ ਦੋਸ਼ੀ ਬਿਭਵ ਕੁਮਾਰ ਨਾਲ ‘ਬੇਸ਼ਰਮੀ’ ਨਾਲ ਘੁੰਮ ਰਹੇ ਹਨ। ਇੱਥੇ ਭਾਜਪਾ ਹੈੱਡ ਕੁਆਰਟਰ ‘ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸੀਤਾਰਮਨ ਨੇ ਮੰਗ ਕੀਤੀ ਕਿ ‘ਆਪ’ ਕਨਵੀਨਰ ਇਸ ਮੁੱਦੇ ‘ਤੇ ਆਪਣੀ ਚੁੱਪੀ ਤੋੜਨ ਅਤੇ ਮੁਆਫ਼ੀ ਮੰਗਣ। ਭਾਜਪਾ ਦੀ ਸੀਨੀਅਰ ਨੇਤਾ ਨੇ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਉਮੀਦਵਾਰ ਸੋਮਨਾਥ ਭਾਰਤੀ ਸਮੇਤ ‘ਆਪ’ ਦੇ ਕਈ ਨੇਤਾਵਾਂ ਖ਼ਿਲਾਫ਼ ਹਮਲੇ ਦੇ ਪਹਿਲੇ ਦੇ ਦੋਸ਼ਾਂ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਦਿੱਲੀ ਦੀ ਸੱਤਾਧਾਰੀ ਪਾਰਟੀ ਇਕ ਮਹਿਲਾ ਵਿਰੋਧੀ ਪਾਰਟੀ ਹੈ।
ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਗਾਂਧੀ ਪਰਿਵਾਰ ਦੇ ਮੈਂਬਰ ਭਾਰਤੀ ਨੂੰ ਵੋਟ ਦੇਣਗੇ, ਜਿਨ੍ਹਾਂ ‘ਤੇ ਆਪਣੀ ਗਰਭਵਤੀ ਪਤਨੀ ‘ਤੇ ਹਮਲਾ ਕਰਨ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਵਲੋ ਮਾਲੀਵਾਲ ਮਾਮਲੇ ‘ਚ ਕਾਰਵਾਈ ਦਾ ਵਾਅਦਾ ਕਰਨ ਦੇ ਇਕ ਦਿਨ ਬਾਅਦ ਦੋਸ਼ੀ ਬਿਭਵ ਕੁਮਾਰ ਨੂੰ ਕੇਜਰੀਵਾਲ ਨਾਲ ਲਖਨਊ ‘ਚ ਦੇਖਿਆ ਗਿਆ।