
ਵਾਰਾਣਸੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਮਜ਼ਦਗੀ ਦਾਖਲ ਕਰਨ ਸਮੇਂ ਦੇਸ਼ ਦੇ 12 ਸੂਬਿਆਂ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ 14 ਮਈ ਨੂੰ ਵਾਰਾਣਸੀ ਲੋਕ ਸਭਾ ਸੀਟ ਤੋਂ ਤੀਜੀ ਵਾਰ ਨਾਮਜ਼ਦਗੀ ਦਾਖ਼ਲ ਕਰਨ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਰੱਖਿਆ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਥੇ ਹੀ ਸਿਹਤ ਵਿਭਾਗ ਨੇ ਸਾਰਿਆਂ ਲਈ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਡਿਊਟੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਨਾਮਜ਼ਦਗੀ ਵਾਲੀ ਥਾਂ ’ਤੇ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਨਿਗਰਾਨੀ ਲਈ 85 ਸੀ. ਸੀ. ਕੈਮਰਿਆਂ ਦੀ ਮਦਦ ਲਈ ਜਾਵੇਗੀ। ਇਸ ਤੋਂ ਇਲਾਵਾ 125 ਕਾਂਸਟੇਬਲ, ਹੈੱਡ ਕਾਂਸਟੇਬਲ, ਸਬ-ਇੰਸਪੈਕਟਰ ਅਤੇ ਏ. ਸੀ. ਪੀਜ਼ ਤਾਇਨਾਤ ਕੀਤੇ ਜਾਣਗੇ। ਏ. ਡੀ. ਸੀ. ਪੀ. ਵਰੁਣਾ ਜ਼ੋਨ ਸਰਵਣਨ ਟੀ ਨੇ ਦੱਸਿਆ ਕਿ ਉਮੀਦਵਾਰਾਂ ਅਤੇ ਉਨ੍ਹਾਂ ਦੇ ਪ੍ਰਸਤਾਵਕਾਂ ਦੇ ਵਾਹਨ ਪੁਲਸ ਕਮਿਸ਼ਨਰ ਦਫ਼ਤਰ ਅਤੇ ਕਲੈਕਟਰ ਦਫ਼ਤਰ ਦੇ ਮੁੱਖ ਗੇਟ ਤੱਕ ਹੀ ਪਹੁੰਚ ਸਕਣਗੇ। ਉਥੋਂ, ਉਮੀਦਵਾਰ ਅਤੇ ਉਨ੍ਹਾਂ ਦੇ ਚਾਰ ਪ੍ਰਸਤਾਵਕ ਨਾਮਜ਼ਦਗੀ ਹਾਲ ਤੱਕ ਲੱਗਭਗ 100 ਮੀਟਰ ਦੀ ਦੂਰੀ ’ਤੇ ਪੈਦਲ ਜਾਣਗੇ।