
ਸਿੱਖਸ ਫਾਰ ਜਸਟਿਸ ਦੇ ਕਾਰਕੁੰਨਾਂ ਨੇ ਭਾਈ ਚਰਨਜੀਤ ਸਿੰਘ ਸੁੱਜੋ ਦੀ ਅਗਵਾਈ ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਰਸਾਲ ਦੀਆਂ ਸੰਗਤਾਂ ਵੱਲੋਂ ਓਮਨੀ ਮਾਂਟ-ਰਾਇਲ ਹੋਟਲ ਦੇ ਬਾਹਰ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵਿਰੁੱਧ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸਨ ਕਰਦਿਆਂ ਵਰਮਾ ਨੂੰ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਮੁੱਖ ਦੋਸ਼ੀ ਦੱਸਿਆ ਅਤੇ ਖਾਲਿਸਤਾਨ ਆਗੂ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਦੱਸਦਿਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਇਸ ਮੌਕੇ ਆਗੂਆਂ ਨੇ ਭਾਰਤੀ ਅੰਬੈਸੀ ਦੇ ਉੱਚ ਅਹੁਦੇਦਾਰਾਂ ਦਾ ਹਰ ਪ੍ਰਕਾਰ ਨਾਲ ਜਨਤਕ ਵਿਰੋਧ ਕਰਨ ਦਾ ਐਲਾਨ ਕੀਤਾ।
ਓਮਨੀ ਮਾਂਟ-ਰਾਇਲ ਬਾਹਰ ਸਿੱਖ ਰੋਸ ਪ੍ਰਦਰਸਨ ਹੋਣ ਦੇ ਬਾਵਜੂਦ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਪ੍ਰਸਿੱਧ ਥਿੰਕ ਟੈਂਕ ‘ਮੌਨਟਰੀਅਲ ਕੌਂਸਲ ਆਨ ਫਾਰੇਨ ਰਿਲੇਸ਼ਨਜ਼’ ਨੂੰ ਕਿਹਾ ਕਿ ਭਾਰਤੀ ਲੋਕ ਹੀ ਭਾਰਤ ਦੀ ਕਿਸਮਤ ਦਾ ਫ਼ੈਸਲਾ ਕਰਨਗੇ, ਵਿਦੇਸ਼ੀ ਨਹੀਂ। ਉਨ੍ਹਾਂ ਇਹ ਵੀ ਕਿਹਾ ਭਾਰਤ ਤੇ ਕੈਨੇਡਾ ਵਿਚਾਲੇ ਸਬੰਧ ਕੁੱਲ ਮਿਲਾ ਕੇ ਸਕਰਾਤਮਕ ਹਨ ਭਾਵੇਂ ਉਨ੍ਹਾਂ ਨੂੰ ਲੈਕੇ ਬਹੁਤ ਹੰਗਾਮਾ ਹੋ ਰਿਹਾ ਹੈ। ਵਰਮਾ ਨੇ ਇਹ ਵੀ ਕਿਹਾ ਕਿ ਦੋਵੇਂ ਦੇਸ਼ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।