
ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਕਤਲ ਕੇਸ ‘ਚ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰ ਸ਼ਾਹਬਾਜ਼ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਦੱਸ ਦਈਏ ਕਿ ਐੱਨ. ਆਈ. ਏ. ਪਹਿਲਾਂ ਹੀ ਸ਼ਾਹਬਾਜ਼ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਉਸ ਨੂੰ ਅਦਾਲਤ ‘ਚ ਵੀ ਭੇਜ ਦਿੱਤਾ। ਪੁਲਸ ਨੇ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ 3 ਤਸਕਰਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਪੁਲਸ ਨੂੰ ਬਦਮਾਸ਼ਾਂ ਕੋਲੋਂ 3 ਪਿਸਤੌਲ, 2 ਬੰਦੂਕਾਂ ਅਤੇ ਕਾਰਤੂਸ ਸਣੇ ਇੱਕ ਥਾਰ ਗੱਡੀ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਸ਼ਲੋਕ ਕੁਮਾਰ ਨੇ ਹਥਿਆਰਾਂ ਦੇ ਤਸਕਰ ਦੇ ਸਾਥੀ ਰਿਜ਼ਵਾਨ ‘ਤੇ 25,000 ਰੁਪਏ ਦੇ ਇਨਾਮ ਦਾ ਐਲਾਨ ਰੱਖਿਆ ਹੈ। ਐੱਨ. ਆਈ. ਏ. ਨੇ ਪਿਛਲੇ ਸਾਲ ਦੱਸਿਆ ਸੀ ਕਿ ਸ਼ਾਹਬਾਜ਼ ਅੰਸਾਰੀ ਮੂਸੇਵਾਲਾ ਦੀ ਹੱਤਿਆ ‘ਚ ਹਥਿਆਰਾਂ ਦੇ ਸਪਲਾਇਰ ਅਤੇ ਲਾਰੈਂਸ ਗੈਂਗ ਦੇ ਵਿਚਕਾਰ ਇੱਕ ਵਿਚੋਲਾ ਸੀ। ਉਸ ਨੂੰ NIA ਨੇ 8 ਦਸੰਬਰ 2022 ਨੂੰ ਬੁਲੰਦਸ਼ਹਿਰ (ਉੱਤਰ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ 2 ਹਵਾਲਾ ਸੰਚਾਲਕਾਂ ਹਾਮਿਦ ਅਤੇ ਫੌਜੀ ਦੇ ਨਾਂ ਸਾਹਮਣੇ ਆਏ ਸਨ।
ਦੱਸਣਯੋਗ ਹੈ ਕਿ 29 ਮਈ, 2022 ਦੀ ਸ਼ਾਮ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ। ਮਾਨਸਾ ਦੇ ਪਿੰਡ ਜਵਾਹਰ ਕੇ ਨੇੜੇ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕੀਤਾ ਗਿਆ ਸੀ। ਸਿੱਧੂ ਮੂਸੇਵਾਲੇ ਦੇ ਮਾਪੇ ਅੱਜ ਵੀ ਆਪਣੇ ਪੁੱਤਰ ਲਈ ਇਨਸਾਫ਼ ਦੀ ਲੜਾਈ ਲੜ ਰਹੇ ਹਨ।