ਹਿੰਦ ਮਹਾਸਾਗਰ ਦੇ ਗਰਮ ਹੋਣ ਨਾਲ ਵਿਨਾਸ਼ਕਾਰੀ ਪ੍ਰਭਾਵ ਹੋਣਗੇ, ਮਾਨਸੂਨ ਨੂੰ ਪ੍ਰਭਾਵਿਤ ਕਰੇਗਾ

ਹਿੰਦ ਮਹਾਸਾਗਰ ’ਚ ਸਾਲ 2020 ਅਤੇ 2100 ਦੇ ਦਰਮਿਆਨ ਸਮੁੰਦਰੀ ਸਤ੍ਹਾ ਦੇ 1.4 ਡਿਗਰੀ ਸੈਲਸੀਅਸ ਤੋਂ 3 ਡਿਗਰੀ ਸੈਲਸੀਅਸ ਤੱਕ ਗਰਮ ਹੋਣ ਦੀ ਸੰਭਾਵਨਾ ਹੈ, ਜਿਸ ਦੇ ਵਿਨਾਸ਼ਕਾਰੀ ਪ੍ਰਭਾਵ ਹੋਣਗੇ। ਇਹ ਚੱਕਰਵਾਤ ’ਚ ਤੇਜ਼ੀ ਲਿਆਵੇਗਾ, ਮਾਨਸੂਨ ਨੂੰ ਪ੍ਰਭਾਵਿਤ ਕਰੇਗਾ ਅਤੇ ਸਮੁੰਦਰ ’ਚ ਪਾਣੀ ਦੇ ਪੱਧਰ ’ਚ ਵਾਧਾ ਕਰੇਗਾ। ਇਕ ਨਵੇਂ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ। ਇਹ ਅਧਿਐਨ ਪੁਣੇ ਸਥਿਤ ਇੰਡੀਅਨ ਇੰਸਟੀਚਿਊਟ ਆਫ ਟ੍ਰੌਪੀਕਲ ਮੈਟਿਓਰੋਲੋਜੀ (ਆਈ. ਆਈ. ਟੀ. ਐੱਮ.) ਦੇ ਜਲਵਾਯੂ ਵਿਗਿਆਨੀ ਰੌਕਸੀ ਮੈਥਿਊ ਕੌਲ ਦੀ ਅਗਵਾਈ ’ਚ ਕੀਤਾ ਗਿਆ। ਅਧਿਐਨ ’ਚ ਇਹ ਦਰਸਾਇਆ ਗਿਆ ਹੈ ਕਿ ਸਮੁੰਦਰੀ ‘ਹੀਟਵੇਵ’ (ਸਮੁੰਦਰੀ ਤਾਪਮਾਨ ਦੇ ਅਸਾਧਾਰਨ ਰੂਪ ਤੋਂ ਵੱਧ ਰਹਿਣ ਦੀ ਮਿਆਦ) ਦੇ ਪ੍ਰਤੀ ਸਾਲ 20 ਦਿਨ (1970-2000) ਤੋਂ ਵਧ ਕੇ ਪ੍ਰਤੀ ਸਾਲ 220-250 ਦਿਨ ਹੋਣ ਦਾ ਅੰਦਾਜ਼ਾ ਹੈ, ਜਿਸ ਨਾਲ ਟ੍ਰੌਪੀਕਲ ਹਿੰਦ ਮਹਾਸਾਗਰ 21ਵੀਂ ਸਦੀ ਦੇ ਅੰਤ ਤੱਕ ਸਥਾਈ ‘ਹੀਟਵੇਵ’ ਸਥਿਤੀ ਦੇ ਨੇੜੇ ਪਹੁੰਚ ਜਾਵੇਗਾ। ‘ਫਿਊਚਰ ਫੋਰਕਾਸਟਸ ਫਾਰ ਦਿ ਟ੍ਰੌਪੀਕਲ ਇੰਡੀਅਨ ਓਸ਼ਨ’ ਸਿਰਲੇਖ ਵਾਲੇ ਅਧਿਐਨ ਮੁਤਾਬਕ ਹਿੰਦ ਮਹਾਸਾਗਰ ਦੇ ਪਾਣੀ ਦਾ ਤੇਜ਼ੀ ਨਾਲ ਗਰਮ ਹੋਣਾ ਸਿਰਫ ਇਸ ਦੀ ਸਤ੍ਹਾ ਤੱਕ ਸੀਮਤ ਨਹੀਂ ਹੈ। ਕੌਲ ਨੇ ਕਿਹਾ ਕਿ ਗਰਮੀ ਦੀ ਮਾਤਰਾ ’ਚ ਭਵਿੱਖ ’ਚ ਹੋਣ ਵਾਲਾ ਵਾਧਾ ਇਕ ਪਰਮਾਣੂ ਬੰਬ (ਹੀਰੋਸ਼ੀਮਾ ’ਚ ਹੋਏ) ਧਮਾਕੇ ਨਾਲ ਪੈਦਾ ਹੋਣ ਵਾਲੀ ਊਰਜਾ ਦੇ ਬਰਾਬਰ ਹੋਵੇਗਾ।

Leave a Reply

Your email address will not be published. Required fields are marked *