ਕੈਨੇਡਾ ਬੈਠੇ ਤਸਕਰ ਨੇ ਪੰਜਾਬ ‘ਚ ਮੰਗਵਾਈ ਹੈਰੋਇਨ ਦੀ ਵੱਡੀ ਖੇਪ, ਭਾਰੀ ਮਾਤਰਾ ‘ਚ ਹਥਿਆਰ ਵੀ ਬਰਾਮਦ

 ਡੀ.ਜੀ.ਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਸ ਨੇ ਜ਼ਿਲ੍ਹਾ ਫਿਰੋਜ਼ਪੁਰ ਵਿਚ ਨਸ਼ਾ ਤਸਕਰਾਂ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਇਕ ਨਸ਼ਾ ਤਸਕਰ ਨੂੰ ਪਾਕਿਸਤਾਨ ਤੋਂ ਮੰਗਵਾਈ 7 ਕਿੱਲੋ ਹੈਰੋਇਨ, 36 ਲੱਖ ਰੁਪਏ ਦੀ ਡਰੱਗ ਮਨੀ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਜਦਕਿ 2 ਨਸ਼ਾ ਤਸਕਰ ਅਜੇ ਵੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਨਸ਼ਾ ਤਸਕਰਾਂ ਵਿਚੋਂ ਇੱਕ ਕੈਨੇਡਾ ਵਿਚ ਹੈ, ਜੋ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕਰਕੇ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਉਂਦਾ ਹੈ, ਜਿਸ ਨੂੰ ਪੁਲਸ ਵੱਲੋਂ ਭਾਰਤ ਵਾਪਸ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ ’ਤੇ ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਦੀ ਪੁਲਸ ਪਾਰਟੀ ਵੱਲੋਂ ਦੱਸੇ ਗਏ ਸਥਾਨ ਬਾਬਾ ਦੀਪ ਸਿੰਘ ਐਵੇਨਿਊ ਫਿਰੋਜ਼ਪੁਰ (ਥਾਣਾ ਸਦਰ ਫਿਰੋਜ਼ਪੁਰ ਦੇ ਖੇਤਰ ਵਿਚ) ਰੇਡ ਕੀਤੀ ਗਈ ਤਾਂ ਛਾਪਾਮਾਰੀ ਦੌਰਾਨ ਪੁਲਸ ਨੇ ਮਨਜੀਤ ਸਿੰਘ ਉਰਫ਼ ਮਨੀ ਨੂੰ ਕਾਬੂ ਕਰ ਲਿਆ, ਜਿਸ ਤੋਂ 7 ਕਿੱਲੋ ਹੈਰੋਇਨ, 36 ਲੱਖ ਰੁਪਏ ਦੀ ਡਰੱਗ ਮਨੀ, ਮੈਗਜ਼ੀਨ ਅਤੇ 5 ਜਿੰਦਾ ਕਾਰਤੂਸ ਦੇ ਨਾਲ ਇਕ ਪਿਸਟਲ 32 ਬੋਰ, 5 ਜਿੰਦਾ ਕਾਰਤੂਸ, ਮੈਗਜੀਨ ਦੇ ਨਾਲ ਇਕ ਰਾਈਫਲ 315 ਬੋਰ ਅਤੇ ਮੈਗਜੀਨ ਤੇ 10 ਕਾਰਤੂਸ ਦੇ ਨਾਲ 30 ਬੋਰ ਦੇ 2 ਪਿਸਟਲ, ਇਕ ਆਈਫੋਨ 15 ਪ੍ਰੋ, ਇਕ ਇਲੈਂਟਰਾ ਕਾਰ ਅਤੇ 5500 ਰੁਪਏ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਫੜੇ ਗਏ ਹੈਰੋਇਨ ਤਸਕਰ ਨੂੰ ਅਦਾਲਤ ’ਚ ਪੇਸ਼ ਕਰਕੇ ਉਸਦਾ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਉਸਦੇ ਬੈਕਵਰਡ ਅਤੇ ਫਾਰਵਡ ਲਿੰਕ ਦੀ ਜਾਂਚ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਉਸਨੇ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਕਿਵੇਂ ਮੰਗਵਾਏ। ਇਸ ਖੇਪ ਨੂੰ ਮੰਗਵਾਉਣ ਵਿਚ ਕਿਸ-ਕਿਸ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਅੱਗੇ ਇਹ ਹੈਰੋਇਨ ਅਤੇ ਹਥਿਆਰ ਕਿੱਥੇ ਸਪਲਾਈ ਕੀਤੇ ਜਾਣੇ ਸਨ? ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ।

Leave a Reply

Your email address will not be published. Required fields are marked *