
ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਇਲਾਕੇ ‘ਚ ਆਪਸੀ ਵਿਵਾਦ ਨੂੰ ਲੈ ਕੇ ਆਪਣੇ ਪਰਿਵਾਰ ਦੀਆਂ ਤਿੰਨ ਔਰਤਾਂ ‘ਤੇ ਗੋਲੀ ਚਲਾਉਣ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਘਟਨਾ ਸ਼ੁੱਕਰਵਾਰ ਨੂੰ ਪੁਰਬਨੀ ਪਿੰਡ ‘ਚ ਹੋਈ। ਜਦੋਂ ਪਰਿਵਾਰ ਰਾਜ ਚੰਦਰ ਦੇ ਭਤੀਜੇ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ, ਉਸ ਸਮੇਂ ਚੰਦਰ ਨੇ ਆਪਣੀਆਂ 2 ਭੈਣਾਂ ਅਤੇ ਇਕ ਭਤੀਜੀ ਨੂੰ ਗੋਲੀਆਂ ਮਾਰ ਦਿੱਤੀਆਂ। ਜ਼ਖਮੀਆਂ ਨੂੰ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ‘ਚ ਰਿਕਾਂਗ ਪਿਓ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ 2 ਭੈਣਾਂ ‘ਚੋਂ ਇਕ ਕ੍ਰਿਸ਼ਨ ਲੀਲਾ ਅਤੇ ਭਤੀਜੀ ਸਵੀਟੀ ਗੰਭੀਰ ਜ਼ਖ਼ਮੀ ਹੋਈਆਂ ਹਨ ਅਤੇ ਦੂਜੀ ਭੈਣ ਭਾਰਤੀ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਆਮ ਜਨਤਾ ਨੂੰ ਆਪਣੇ ਹਥਿਆਰ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ। ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਕਿੰਨੌਰ ਜ਼ਿਲ੍ਹੇ ‘ਚ ਕੁੱਲ 1205 ਹਥਿਆਰ ਜਮ੍ਹਾ ਕਰਵਾਏ ਗਏ ਹਨ।