
ਮੁੰਬਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਯੈੱਸ ਬੈਂਕ ਨਾਲ ਸਬੰਧਤ 400 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਟੂਰ ਐਂਡ ਟਰੈਵਲ ਕੰਪਨੀ ਕਾਕਸ ਐਂਡ ਕਿੰਗਜ਼ ਦੇ ਮਾਲਕ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਕ ਅਧਿਕਾਰੀ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬ੍ਰਿਟਿਸ਼ ਨਾਗਰਿਕ 67 ਸਾਲਾ ਅਜੀਤ ਮੈਨਨ ਮੰਗਲਵਾਰ ਨੂੰ ਲੰਡਨ ਤੋਂ ਪਰਤਣ ਤੋਂ ਬਾਅਦ ਕੇਰਲ ਦੇ ਕੋਚੀਨ ਹਵਾਈ ਅੱਡੇ ‘ਤੇ ਮੌਜੂਦ ਸੀ।
ਦੱਸ ਦੇਈਏ ਕਿ ਮੇਨਨ 400 ਕਰੋੜ ਰੁਪਏ ਦੇ ਯੈੱਸ ਬੈਂਕ ਧੋਖਾਧੜੀ ਮਾਮਲੇ ਦੀ ਜਾਂਚ ਦੌਰਾਨ ਈਓਡਬਲਯੂ ਦੇ ਰਡਾਰ ਦੇ ਘੇਰੇ ‘ਚ ਆਏ ਸਨ। ਇਸ ਮਾਮਲੇ ‘ਚ ਬੈਂਕ ਤੋਂ ਕਰਜ਼ਾ ਲੈ ਕੇ ਪੈਸੇ ਦਾ ਗਬਨ ਕਰਨ ਦਾ ਦੋਸ਼ ਹੈ। ਜਿਸ ਕੰਮ ਲਈ ਉਹਨਾਂ ਨੇ ਯੈੱਸ ਬੈਂਕ ਤੋਂ ਲੋਨ ਲਿਆ ਸੀ, ਉਹ ਕੰਮ ਉਹਨਾਂ ਨੇ ਨਹੀਂ ਕੀਤਾ। ਇਸ ਮਾਮਲੇ ਦੀ ਜਾਂਚ ਕਰਨ ‘ਤੇ EOW ਨੂੰ ਪਤਾ ਲੱਗਾ ਕਿ ਮੇਨਨ ਯੂਰਪ ਵਿੱਚ ਕੰਪਨੀ ਦੇ ਕੰਮਕਾਜ ਦੀ ਦੇਖ-ਰੇਖ ਕਰ ਰਿਹਾ ਸੀ। ਬੈਂਕ ਤੋਂ ਕਰਜ਼ਾ ਲੈਣ ਤੋਂ ਬਾਅਦ ਉਸ ਨੇ ਉਸੇ ਰਕਮ ਵਿੱਚੋਂ 56 ਕਰੋੜ ਰੁਪਏ ਯੂਕੇ ਸਥਿਤ ਇੱਕ ਕੰਪਨੀ ਨੂੰ ਟਰਾਂਸਫਰ ਕਰ ਦਿੱਤੇ।