
ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਪੜ੍ਹਨ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ। ਸਭ ਤੋਂ ਜ਼ਿਆਦਾ ਨੌਜਵਾਨ ਕੈਨੇਡਾ ਆਦਿ ਵਰਗੇ ਦੇਸ਼ਾਂ ’ਚ ਜਾਂਦੇ ਹਨ ਪਰ ਉਥੇ ਜਾ ਕੇ ਪੜ੍ਹਾਈ ਦੇ ਜ਼ਰੀਏ ਉੱਚ ਮੁਕਾਮ ਹਾਸਲ ਕਰਨ ਵਾਲੇ ਵਿਰਲੇ ਹੀ ਵਿਦਿਆਰਥੀ ਸਾਹਮਣੇ ਆ ਰਹੇ ਹਨ। ਕਾਮਯਾਬੀ ਦੀ ਮਿਸਾਲ ਪੰਜਾਬ ਦੇ ਪਿੰਡ ਬੱਸੀਗੁੱਜਰਾਂ ਦੇ ਵਸਨੀਕ ਭਜਨ ਲਾਲ ਰਿਟਾਇਰਡ ਏ. ਐੱਸ. ਆਈ. ਦੇ ਸਪੁੱਤਰ ਜਸ਼ਨ ਚੌਧਰੀ ਨੇ ਕਾਇਮ ਕਰ ਦਿੱਤੀ ਹੈ, ਜੋ ਕੈਨੇਡਾ ਪੁਲਸ ਵਿਚ ਭਰਤੀ ਹੋ ਗਿਆ ਹੈ।ਉਕਤ ਨੌਜਵਾਨ ਨੇ ਆਪਣੀ ਹੱਡ ਤੋੜਵੀਂ ਮਿਹਨਤ ਨਾਲ ਕੈਨੇਡਾ ਪੁਲਸ ’ਚ ਭਰਤੀ ਹੋ ਕੇ ਜਿੱਥੇ ਆਪਣੇ ਟੀਚੇ ਨੂੰ ਪੂਰਾ ਕੀਤਾ ਹੈ, ਉਥੇ ਹੀ ਉਸ ਨੇ ਆਪਣੇ ਮਾਤਾ-ਪਿਤਾ, ਪੰਜਾਬ ਅਤੇ ਪਿੰਡ ਦਾ ਨਾਂ ਵੀ ਰੌਸ਼ਨ ਕਰ ਦਿੱਤਾ ਹੈ। ਨੌਜਵਾਨ ਜਸ਼ਨ ਚੌਧਰੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਸਪੁੱਤਰ ਸ਼ੁਰੂ ਤੋਂ ਹੀ ਮਿਹਨਤੀ ਅਤੇ ਸਰਵਪੱਖੀ ਹੈ ਅਤੇ ਸਮੂਹ ਪਰਿਵਾਰ ਤੇ ਪਿੰਡ ਨੂੰ ਜਸ਼ਨ ਚੌਧਰੀ ਦੇ ਇਸ ਮੁਕਾਮ ’ਤੇ ਬਹੁਤ ਹੀ ਮਾਨ ਹੈ।