
ਦਿੱਲੀ ਆਬਕਾਰੀ ਨੀਤੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਊਜ਼ ਐਵੇਨਿਊ ਕੋਰਟ ਨੇ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ‘ਚ ਭੇਜੇ ਜਾਣ ਤੋਂ ਬਾਅਦ ਇੱਥੇ ਤਿਹਾੜ ਜੇਲ੍ਹ ਲਿਆਂਦਾ ਗਿਆ। ਜੇਲ ਦੇ ਇਕ ਅਧਿਕਾਰੀ ਨੇ ਦੱਸਿਆ ਮੁੱਖ ਮੰਤਰੀ ਕੇਜਰੀਵਾਲ ਨੂੰ ਤਿਹਾੜ ਜੇਲ੍ਹ ‘ਚ ਲਿਆਂਦਾ ਗਿਆ ਅਤੇ ਜੇਲ ਨੰਬਰ-2 ਵਿਚ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਗਿਆ। ਦੱਸ ਦੇਈਏ ਕਿ ਕੇਜਰੀਵਾਲ ਨੂੰ 21 ਮਾਰਚ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੇ ਸਬੰਧ ਵਿਚ ਗ੍ਰਿਫਤਾਰ ਕੀਤਾ ਸੀ।
ਦੱਸ ਦੇਈਏ ਕਿ ‘ਆਪ’ ਨੇਤਾ ਸੰਜੇ ਸਿੰਘ ਜਿਨ੍ਹਾਂ ਨੂੰ ਪਿਛਲੇ ਸਾਲ ਅਕਤੂਬਰ ‘ਚ ਇਸੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਪਹਿਲਾਂ ਜੇਲ ਨੰਬਰ-2 ‘ਚ ਬੰਦ ਸੀ ਪਰ ਹਾਲ ਹੀ ‘ਚ ਉਨ੍ਹਾਂ ਨੂੰ ਜੇਲ ਨੰਬਰ-5 ‘ਚ ਤਬਦੀਲ ਕਰ ਦਿੱਤਾ ਗਿਆ ਸੀ। ਦਿੱਲੀ ਦੇ ਸਾਬਕਾ ਡਿਪਟੀ ਮਨੀਸ਼ ਸਿਸੋਦੀਆ ਜੋ ਕਿ ਇਸੇ ਮਾਮਲੇ ਵਿਚ ਜੇਲ੍ਹ ‘ਚ ਹਨ, ਜੇਲ੍ਹ ਨੰਬਰ-1 ‘ਚ ਬੰਦ ਹਨ, ਜਦੋਂ ਕਿ ਬੀ. ਆਰ. ਐਸ ਆਗੂ ਕੇ. ਕਵਿਤਾ ਮਹਿਲਾ ਜੇਲ੍ਹ ਦੀ ਜੇਲ੍ਹ ਨੰਬਰ-6 ਵਿਚ ਹੈ।