
ਸ੍ਰੀਲੰਕਾ ਵਿਚ ‘ਗੁੱਡ ਫਰਾਈਡੇ’ ਮੌਕੇ ਚਰਚਾਂ ਦੇ ਆਲੇ-ਦੁਆਲੇ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ ਅਤੇ ਦੇਸ਼ ਵਿਚ ਵੱਖ-ਵੱਖ ਥਾਵਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਨਿਹਾਲ ਥਲਦੁਵਾ ਨੇ ਦੱਸਿਆ ਕਿ ‘ਗੁੱਡ ਫਰਾਈਡੇ’ ਮੌਕੇ ਦੇਸ਼ ਭਰ ‘ਚ 6,000 ਤੋਂ ਜ਼ਿਆਦਾ ਪੁਲਸ ਕਰਮਚਾਰੀ, 3,000 ਤੋਂ ਜ਼ਿਆਦਾ ਸਿਪਾਹੀ ਅਤੇ 400 ਤੋਂ ਜ਼ਿਆਦਾ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਮੈਂਬਰ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਕਿਹਾ, “ਅਸੀਂ 2,268 ਚਰਚਾਂ ਦੀ ਪਛਾਣ ਕੀਤੀ ਹੈ ਜਿੱਥੇ ਵਿਸ਼ੇਸ਼ ਸੁਰੱਖਿਆ ਲਈ ਗੁੱਡ ਫਰਾਈਡੇ ਦੀਆਂ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ।” ਪੁਲਸ ਨੇ ਚਰਚਾਂ ਦੇ ਆਲੇ-ਦੁਆਲੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਦੇਣ ਲਈ ਇੱਕ ਵਿਸ਼ੇਸ਼ ਹਾਟਲਾਈਨ ਸ਼ੁਰੂ ਕੀਤੀ ਹੈ। ਪੁਲਸ ਨੇ ਕਿਹਾ ਕਿ 2019 ਵਿੱਚ ਈਸਟਰ ਐਤਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕੇ ਦੇ ਪੰਜ ਸਾਲ ਪੂਰੇ ਹੋਣ ਦੇ ਮੌਕੇ ‘ਤੇ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।