
ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਅਫ਼ਵਾਹਾ ਦਾ ਖੰਡਨ ਕਰ ਦਿੱਤਾ ਹੈ। ਔਜਲਾ ਨੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਕਿ ਮੇਰੇ ਬਾਰੇ ਭਾਜਪਾ ‘ਚ ਸ਼ਾਮਲ ਹੋਣ ਦੀ ਅਫ਼ਵਾਹ ਚੱਲ ਰਹੀ ਹੈ ਪਰ ਮੈਂ ਕੀਤੇ ਨਹੀਂ ਜਾ ਰਿਹਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਤਰਕਾਰਾਂ ਨੂੰ ਬੋਲਦਿਆਂ ਕਿਹਾ ਜਿਹੜੇ ਪੱਤਰਕਾਰ ਇਹ ਅਫਵਾਹਾਂ ਫੈਲਾ ਰਹੇ ਹਨ, ਜੋ ਠੀਕ ਨਹੀਂ ਹੈ। ਗੁਰਜੀਤ ਔਜਲਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਤੇ ਡਟ ਕੇ ਕਾਂਗਰਸ ਨਾਲ ਖੜ੍ਹੇ ਹਨ। ਲੋਕ ਅਫ਼ਵਾਹਾਂ ਵਾਲੀਆਂ ਖ਼ਬਰਾਂ ਤੋਂ ਸੁਚੇਤ ਰਹਿਣ। ਉਨ੍ਹਾਂ ਪੱਤਰਕਾਰਾਂ ਨੂੰ ਸਲਾਹ ਵੀ ਦਿੱਤੀ ਕਿ ਵਧੀਆ ਰਾਜਨੀਤੀ ਤੇ ਡਿਬੇਟ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀ ਪੀੜ੍ਹੀ ਵੀ ਤੁਹਾਨੂੰ ਯਾਦ ਰੱਖ ਸਕੇ ਤੇ ਲੋਕਤੰਤਰ ਨੂੰ ਬਹਾਲ ਕਰ ਕੇ ਰੱਖੋ । ਔਜਲਾ ਨੇ ਕਿਹਾ ਪਹਿਲਾਂ ਵੀ 2 ਵਾਰ ਅੰਮ੍ਰਿਤਸਰ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਹੈ। ਇਸ ਵਾਰ ਵੀ ਜਿੱਤ ਹਾਸਲ ਕਰਾਂਗੇ।
ਇਸ ਦੌਰਾਨ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਦੇ ਨਿਸ਼ਾਨਾ ਵਿੰਨ੍ਹਦਿਆ ਕਿਹਾ ਕਿ ਦੇਸ਼ ‘ਚ ਅਣ-ਐਲਾਨੀ ਐਮਰਜੈਂਸੀ ਹੈ। ਉਨ੍ਹਾਂ ਕਿਹਾ ਕਾਂਗਰਸ ਦੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ। ਭਾਜਪਾ ਪਾਰਟੀ ‘ਚ ਭੰਨਤੋੜ ਕਰ ਰਹੀ ਹੈ ਪਰ ਕਾਂਗਰਸ ਮਜ਼ਬੂਤੀ ਨਾਲ ਖੜ੍ਹੀ ਹੈ। ਸਿਰਫ਼ ਦਬਾਅ ਨਾਲ ਲੀਡਰ ਤੋੜੇ ਜਾ ਰਹੇ ਹਨ।