
ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੰਜਾਬ ਵਿਚ ਆਗਾਮੀ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦੇ ਐਲਾਨ ਨਾਲ ਹੀ ਅਕਾਲੀ ਲੀਡਰਸ਼ਿਪ ਆਪਣੀ ਚੋਣ ਰਣਨੀਤੀ ਨੂੰ ਮੁੜ ਤੋਂ ਬਦਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਤੋਂ ਪਹਿਲਾਂ ਹਾਲ ਹੀ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ‘ਸਿਆਸਤ ਤੋਂ ਉੱਪਰ ਸਿਧਾਂਤ’ ਦੀ ਗੱਲ ਕਹਿ ਕੇ ਇਕੱਲਿਆ ਚੋਣਾਂ ਲੜਣ ਦਾ ਸੰਕੇਤ ਦਿੱਤਾ ਸੀ। ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ।
ਸਿੱਖ ਸਿਆਸੀ ਵਿਸ਼ਲੇਸ਼ਕ ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦਾ ਵੋਟ ਸ਼ੇਅਰ 34% ਸੀ, ਜੋ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਘਟ ਕੇ 20% ਦੇ ਕਰੀਬ ਰਹਿ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਟਕਸਾਲੀ ਆਗੂਆਂ ਜਿਵੇਂ ਕਿ ਸੁਖਦੇਵ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਟਿੱਕਾ ਨੇ ਜਾਂ ਤਾਂ ਆਪ ਹੀ ਪਾਰਟੀ ਛੱਡ ਦਿੱਤੀ ਜਾਂ ਉਨ੍ਹਾਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਇਸ ਨਾਲ ਪਾਰਟੀ ਦੀ ਸਾਖ ਨੂੰ ਕਾਫ਼ੀ ਢਾਹ ਲੱਗੀ।