
ਅਮਰੀਕਾ ਵਿਚ ਜ਼ਿਆਦਾਤਰ ਸੰਭਾਵੀ ਵੋਟਰ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਹਾਲੀਆ ਹੋਰ ਰਾਸ਼ਟਰਪਤੀਆਂ ਦੇ ਮੁਕਾਬਲੇ ਅਮਰੀਕੀ ਫੌਜ ਦਾ ਕਮਜ਼ੋਰ ਕਮਾਂਡਰ ਅਤੇ ਮੁਖੀ ਮੰਨਦੇ ਹਨ। ਇਹ ਖੁਲਾਸਾ 18 ਤੋਂ 20 ਮਾਰਚ ਦਰਮਿਆਨ ਹੋਏ ਰਾਸਮੁਸੇਨ ਰਿਪੋਰਟਸ ਪੋਲ ਵਿੱਚ ਹੋਇਆ ਹੈ। ਮੰਗਲਵਾਰ ਨੂੰ ਸਰਵੇਖਣ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ 53 ਫ਼ੀਸਦੀ ਵੋਟਰਾਂ ਦਾ ਮੰਨਣਾ ਹੈ ਕਿ ਬਾਈਡੇਨ ਹਾਲ ਹੀ ਦੇ ਅਮਰੀਕੀ ਰਾਸ਼ਟਰਪਤੀਆਂ ਦੀ ਤੁਲਨਾ ਵਿਚ ਇੱਕ ਕਮਜ਼ੋਰ ਫੌਜੀ ਕਮਾਂਡਰ ਹਨ।
ਸਰਵੇਖਣ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ-ਚੌਥਾਈ ਤੋਂ ਘੱਟ ਯਾਨੀ 24 ਫ਼ੀਸਦੀ ਵੋਟਰਾਂ ਦਾ ਮੰਨਣਾ ਹੈ ਕਿ ਬਾਈਡੇਨ ਹੋਰ ਹਾਲੀਆ ਰਾਸ਼ਟਰਪਤੀਆਂ ਦੇ ਮੁਕਾਬਲੇ ਇੱਕ ਮਜ਼ਬੂਤ ਫ਼ੌਜੀ ਨੇਤਾ ਹਨ, ਜਦੋਂ ਕਿ 20 ਫ਼ੀਸਦੀ ਬਾਈਡੇਨ ਨੂੰ ਹੋਰ ਰਾਸ਼ਟਰਪਤੀਆਂ ਵਾਂਗ ਹੀ ਮੰਨਦੇ ਹਨ। ਪੋਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਪ੍ਰੈਲ 2022 ਤੋਂ ਬਾਅਦ ਅੰਕੜਿਆਂ ਵਿੱਚ ਮਾਮੂਲੀ ਬਦਲਾਅ ਹੋਇਆ ਹੈ। ਇਹ ਸਰਵੇਖਣ ਯੂਕ੍ਰੇਨ ਅਤੇ ਇਜ਼ਰਾਈਲ ਵਿੱਚ ਸੰਘਰਸ਼ਾਂ ਦੇ ਨਾਲ-ਨਾਲ ਲਾਲ ਸਾਗਰ ਵਿੱਚ ਇੱਕ ਫੌਜੀ ਕਾਰਵਾਈ ਵਿੱਚ ਅਮਰੀਕਾ ਦੀ ਸ਼ਮੂਲੀਅਤ ਦੇ ਵਿਚਕਾਰ ਆਇਆ ਹੈ।