
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਹ ਤਾਮਿਲਨਾਡੂ ਦੀ ਧਰਤੀ ‘ਤੇ ‘ਵੱਡੇ ਬਦਲਾਅ’ ਨੂੰ ਮਹਿਸੂਸ ਕਰ ਰਹੇ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦਾ ਪ੍ਰਦਰਸ਼ਨ ਵਿਰੋਧੀ ਗਠਜੋੜ ‘ਇੰਡੀਆ’ ਦਾ ‘ਸਾਰਾ ਹੰਕਾਰ’ ਤੋੜ ਦੇਵੇਗਾ। ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਪਿਛਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਦੌਰਾਨ ਹੋਏ ਕਥਿਤ ਘਪਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਦੂਜੇ ਪਾਸੇ ਅੱਜ ਕੇਂਦਰ ਵਿੱਚ ਅੱਜ ਅਜਿਹੀ ਸਰਕਾਰ ਹੈ ਜਿਸ ਨੇ ਵੱਖ-ਵੱਖ ਭਲਾਈ ਸਕੀਮਾਂ ਰਾਹੀਂ ਲੋਕਾਂ ਦਾ ਜੀਵਨ ਸੁਖਾਲਾ ਕੀਤਾ ਹੈ।
ਰੈਲੀ ‘ਚ ਮੌਜੂਦ ਭੀੜ ਵੱਲ ਇਸ਼ਾਰਾ ਕਰਦਿਆਂ ਪੀ.ਐੱਮ. ਨੇ ਕਿਹਾ ਕਿ ਦੇਸ਼ ਦੇ ਇਸ ਦੱਖਣੀ ਸਿਰੇ ਤੋਂ ਉੱਠੀ ਲਹਿਰ ਬਹੁਤ ਦੂਰ ਜਾਣ ਵਾਲੀ ਹੈ। ਮੋਦੀ ਨੇ 1991 ‘ਚ ਹੋਈ ਭਾਜਪਾ ਦੀ ‘ਏਕਤਾ ਯਾਤਰਾ’ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਉਨ੍ਹਾਂ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ਦੀ ਯਾਤਰਾ ਕੀਤੀ ਸੀ ਪਰ ਇਸ ਵਾਰ ਉਹ ਕਸ਼ਮੀਰ ਤੋਂ ਕੰਨਿਆਕੁਮਾਰੀ ਆਇਆ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੇ ਅਜਿਹੇ ਲੋਕਾਂ ਨੂੰ ਨਕਾਰ ਦਿੱਤਾ ਹੈ ਜੋ ਦੇਸ਼ ਨੂੰ ਤੋੜਨ ਦੇ ਸੁਪਨੇ ਦੇਖਦੇ ਹਨ। ਹੁਣ ਤਾਮਿਲਨਾਡੂ ਦੇ ਲੋਕ ਵੀ ਅਜਿਹਾ ਹੀ ਕਰਨ ਜਾ ਰਹੇ ਹਨ।