
ਗਾਜ਼ਾ ‘ਚ ਰਮਜ਼ਾਨ ਦੇ ਮੌਕੇ ‘ਤੇ ਜੰਗਬੰਦੀ ਦੀਆਂ ਟੁੱਟੀਆਂ ਉਮੀਦਾਂ ਦੇ ਵਿਚਕਾਰ ਪਿਛਲੇ 24 ਘੰਟਿਆਂ ‘ਚ ਇਜ਼ਰਾਇਲੀ ਹਮਲਿਆਂ ‘ਚ ਘੱਟੋ-ਘੱਟ 67 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਫਲਸਤੀਨ ‘ਚ ਚੱਲ ਰਹੀ ਜੰਗ ‘ਚ ਹੁਣ ਤੱਕ ਮਾਰੇ ਗਏ ਫਲਸਤੀਨੀਆਂ ਦੀ ਗਿਣਤੀ ਵੱਧ ਕੇ 31,112 ਤੋਂ ਵੱਧ ਹੋ ਗਈ ਹੈ। ਗਾਜ਼ਾ ਦੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਯੁੱਧ ਖ਼ਤਰ ਹੋਣ ਦੇ ਕੋਈ ਆਸਾਰ ਨਜ਼ਰ ਨਾ ਆਉਣ ਦਰਮਿਆਨ ਗਾਜ਼ਾ ਵਿੱਚ ਫਲਸਤੀਨੀਆਂ ਨੇ ਸੋਮਵਾਰ ਨੂੰ ਰਮਜ਼ਾਨ ਦੇ ਮਹੀਨੇ ਦੀ ਸ਼ੁਰੂਆਤ ਹੋਣ ‘ਤੇ ਰੋਜ਼ਾ ਰੱਖਣਾ ਸ਼ੁਰੂ ਕੀਤਾ। ਫਲਸਤੀਨ ਵਿੱਚ ਇਜ਼ਰਾਈਲ ਦੇ ਹਮਲਿਆਂ ਕਾਰਨ ਮਨੁੱਖੀ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ।
ਅਮਰੀਕਾ, ਕਤਰ ਅਤੇ ਮਿਸਰ ਨੇ ਰਮਜ਼ਾਨ ਤੋਂ ਪਹਿਲਾਂ ਜੰਗਬੰਦੀ ਸਮਝੌਤੇ ‘ਤੇ ਪਹੁੰਚਣ ਦੀ ਉਮੀਦ ਜਤਾਈ ਸੀ ਜਿਸ ਨਾਲ ਇਜ਼ਰਾਈਲੀ ਬੰਧਕਾਂ ਅਤੇ ਫਲਸਤੀਨੀ ਕੈਦੀਆਂ ਦੀ ਅਦਲਾ-ਬਦਲੀ ਅਤੇ ਗਾਜ਼ਾ ਨੂੰ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਇਜਾਜ਼ਤ ਮਿਲੇਗੀ, ਪਰ ਇਸ ਸਮਝੌਤੇ ਬਾਰੇ ਗੱਲਬਾਤ ਪਿਛਲੇ ਹਫ਼ਤੇ ਰੁਕ ਗਈ ਸੀ। ਗਾਜ਼ਾ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਗਏ 67 ਲੋਕਾਂ ਦੀਆਂ ਲਾਸ਼ਾਂ ਹਸਪਤਾਲਾਂ ਵਿੱਚ ਲਿਆਂਦੀਆਂ ਗਈਆਂ, ਜਿਸ ਨਾਲ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮਾਰੇ ਗਏ ਫਲਸਤੀਨੀਆਂ ਦੀ ਗਿਣਤੀ 31,112 ਤੋਂ ਵੱਧ ਹੋ ਗਈ ਹੈ।