
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਦੇ ਵਿੱਤ ਸਾਲ 2024-25 ਲਈ ਬਜਟ ‘ਚ ਹਰ ਖੇਤਰ ਦਾ ਧਿਆਨ ਰੱਖਿਆ ਗਿਆ ਹੈ ਅਤੇ ਆਮ ਆਦਮੀ ਪਾਰਟੀ (ਆਪ) ਦਾ ਸ਼ਾਸਨ ‘ਰਾਮ ਰਾਜ’ ਤੋਂ ਪ੍ਰੇਰਿਤ ਹੈ। ਕੇਜਰੀਵਾਲ ਨੇ ਕਿਹਾ ਕਿ ‘ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ’ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ‘ਚ ਚੁੱਕਿਆ ਗਿਆ ਸ਼ਾਇਦ ਵਿਸ਼ਵ ਦਾ ਸਭ ਤੋਂ ਵੱਡਾ ਕਦਮ ਹੈ। ਇਸ ਯੋਜਨਾ ਦੇ ਅਧੀਨ ਹਰੇਕ ਬਾਲਗ ਔਰਤ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਵਲੋਂ ਵਿਧਾਨ ਸਭਾ ‘ਚ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ,”ਇਹ ਇਕ ਬਹੁਤ ਚੰਗਾ ਬਜਟ ਹੈ, ਜਿਸ ‘ਚ ਹਰ ਤਬਕੇ ਦੇ ਲੋਕਾਂ ਅਤੇ ਹਰੇਕ ਖੇਤਰ ਦਾ ਧਿਆਨ ਰੱਖਿਆ ਗਿਆ ਹੈ।”
ਆਤਿਸ਼ੀ ਵਲੋਂ ਪੇਸ਼ ਕੀਤਾ ਗਿਆ ਇਹ ਪਹਿਲਾ ਬਜਟ ਹੈ। ਉਨ੍ਹਾਂ ਕਿਹਾ,”ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ, ਮਹਿਲਾ ਸਸ਼ਕਤੀਕਰਣ ਲਈ ਸ਼ਾਇਦ ਵਿਸ਼ਵ ਦਾ ਸਭ ਤੋਂ ਵੱਡਾ ਕਦਮ ਹੈ। ਅਸੀਂ ਲੋਕ ਸਭਾ ਚੋਣਾਂ ਤੋਂ ਬਾਅਦ ਇਸ ਨੂੰ ਲਾਗੂ ਕਰਾਂਗੇ।” ਮੁੱਖ ਮੰਤਰੀ ਨੇ ਕਿਹਾ,”ਦਿੱਲੀ ‘ਚ ਕਰੀਬ 67 ਲੱਖ ਮਹਿਲਾ ਵੋਟਰ ਹਨ। ਇਨਕਮ ਟੈਕਸ ਭੁਗਤਾਨ ਕਰਨ ਵਾਲੀਆਂ ਔਰਤਾਂ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਾਲੀਆਂ ਔਰਤਾਂ ਨੂੰ ਇਸ ਦਾਇਰੇ ਤੋਂ ਬਾਹਰ ਕਰ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਇਸ ਨਾਲ (ਯੋਜਨਾ ਨਾਲ) ਕਰੀਬ 45 ਤੋਂ 50 ਲੱਖ ਔਰਤਾਂ ਨੂੰ ਫ਼ਾਇਦਾ ਹੋਵੇਗਾ।” ਉਨ੍ਹਾਂ ਨੇ ਪਿਛਲੇ ਵਿੱਤ ਸਾਲ ਦੀ ਤੁਲਨਾ ‘ਚ ਬਜਟ ਖਰਚ ‘ਚ ਕਮੀ ਬਾਰੇ ਪੁੱਛੇ ਜਾਣ ‘ਤੇ ਕਿਹਾ,”ਸਾਨੂੰ ਟੈਕਸਾਂ ਦੇ ਕੇਂਦਰੀ ਪੂਲ ਤੋਂ ਇਕ ਪੈਸਾ ਵੀ ਨਹੀਂ ਮਿਲਦਾ ਹੈ। ਪਹਿਲੇ ਸਾਨੂੰ 325 ਕਰੋੜ ਰੁਪਏ ਮਿਲਦੇ ਸਨ ਪਰ ਹੁਣ ਉਹ ਵੀ ਬੰਦ ਹੋ ਗਿਆ ਹੈ।” ਵਿੱਤ ਸਾਲ 2024-25 ਲਈ ਦਿੱਲੀ ਸਰਕਾਰ ਦਾ ਬਜਟ ਖਰਚ ਪਿਛਲੇ ਵਿੱਤ ਸਾਲ ਦੇ 78,800 ਕਰੋੜ ਰੁਪਏ ਦੇ ਮੁਕਾਬਲੇ 76 ਹਜ਼ਾਰ ਕਰੋੜ ਰੁਪਏ ਹੈ।