
ਕੀਰਤਪੁਰ ਸਾਹਿਬ ਵਿਖੇ ਸਤਲੁਜ ਦਰਿਆ ‘ਚ ਪਾਣੀ ਦੇ ਪ੍ਰਦੂਸ਼ਣ ਦੇ ਮੁੱਦੇ ‘ਤੇ ਅਸੰਤੁਸ਼ਟੀ ਪ੍ਰਗਟ ਕਰਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਵਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ ਭੇਜਿਆ ਗਿਆ ਹੈ। ਪ੍ਰਕਾਸ਼ ਸ਼੍ਰੀਵਾਸਤਵ ਅਤੇ ਏ ਸੇਂਥਿਲ ਵੇਲ ‘ਤੇ ਆਧਾਰਿਤ ਐੱਨ. ਜੀ. ਟੀ. ਦੀ ਬੈਂਚ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਟੈਂਡਰ ਪ੍ਰਕਿਰਿਆ ਨੂੰ ਆਖ਼ਰੀ ਰੂਪ ਦੇਣ ਦੇ ਵੇਰਵੇ ਸਾਂਝੇ ਦੇ ਨਿਰਦੇਸ਼ ਦਿੱਤੇ ਹਨ। ਇਸ ਬਾਰੇ ਸੂਬਾ ਸਰਕਾਰ ਵਲੋਂ ਦੱਸਿਆ ਗਿਆ ਕਿ ਇਹ ਪ੍ਰਾਜੈਕਟ 12 ਮਹੀਨਿਆਂ ਦੇ ਅੰਦਰ ਮੁਕੰਮਲ ਹੋਣ ਦੀ ਉਮੀਦ ਹੈ। ਐੱਸ. ਟੀ. ਪੀ. ਦੇ ਚਾਲੂ ਹੋਣ ਤੱਕ ਅਣਸੋਧੇ ਗੰਦੇ ਪਾਣੀ ਨੂੰ ਸਤਲੁਜ ‘ਚ ਛੱਡਣ ਤੋਂ ਰੋਕਣ ਲਈ ਚੁੱਕੇ ਗਏ ਉਪਰਾਲਿਆਂ ਬਾਰੇ ਦੱਸਿਆ ਗਿਆ ਕਿ ਕੀਰਤਪੁਰ ਸਾਹਿਬ ਨਗਰ ਪੰਚਾਇਤ ਵਲੋਂ ਬਾਇਓ-ਨੈਨੋ ਤਕਨਾਲੋਜੀ ਦੀ ਵਰਤੋਂ ਕਰਕੇ ਗੰਦੇ ਪਾਣੀ ਦੀ ਇਨ-ਸੀਟਿਊ ਟ੍ਰੀਟਮੈਂਟ ਕੀਤੀ ਜਾ ਰਹੀ ਹੈ।