
ਖਨੌਰੀ ਬਾਰਡਰ ‘ਤੇ ਬੁੱਧਵਾਰ ਨੂੰ ਹੋਈ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ‘ਤੇ ਸੰਸਦ ਮੈਂਬਰ ਪਰਨੀਤ ਕੌਰ ਨੇ ਦੁੱਖ਼ ਜਤਾਇਆ ਹੈ। ਦੁੱਖ਼ ਜਤਾਉਂਦੇ ਹੋਏ ਪਰਨੀਤ ਕੌਰ ਨੇ ਕਿਹਾ ਕਿ ਕੱਲ੍ਹ ਖਨੌਰੀ ਬਾਰਡਰ ‘ਤੇ ਪ੍ਰਦਰਸ਼ਨ ਦੌਰਾਨ 21 ਸਾਲਾ ਸ਼ੁਭਕਰਨ ਸਿੰਘ ਦੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ਼ ਹੋਇਆ। ਇਸ ਦੁੱਖ਼ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਬਖ਼ਸ਼ੇ। ਵਾਹਿਗੁਰੂ ਸਾਡੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ। ਉਨ੍ਹਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਦੇ ਜਲਦੀ ਹੱਲ ਦੀ ਵੀ ਉਮੀਦ ਜਤਾਈ ਗਈ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਦਿੱਲੀ ਦੀਆਂ ਬਰੂਹਾਂ ‘ਤੇ ਐੱਮ. ਐੱਸ. ਪੀ. ਸਮੇਤ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ 9 ਦਿਨਾਂ ਤੋਂ ਦਿੱਲੀ ਕੂਚ ਲਏ ਡਟੇ ਹੋਏ ਹਨ। ਬੀਤੇ ਦਿਨ ਜਿਵੇਂ ਹੀ ਸਵੇਰੇ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕੀਤਾ ਤਾਂ ਹਰਿਆਣਾ ਪੁਲਸ ਵੱਲੋਂ ਕਿਸਾਨਾਂ ‘ਤੇ ਹੰਝੂ ਗੈਸ ਦੇ ਗੋਲ਼ੇ ਛੱਡੇ ਗਏ ਸਨ, ਜਿਸ ਵਿਚ ਬਠਿੰਡਾ ਦੇ ਪਿੰਡ ਬੱਲੋ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ। ਸ਼ੁਭਕਰਨ ਦੀ ਮੌਤ ਤੋਂ ਬਾਅਦ ਿਫਲਹਾਲ ਕਿਸਾਨਾਂ ਨੇ ਦਿੱਲੀ ਕੂਚ ਦਾ ਪ੍ਰੋਗਰਾਮ ਦੋ ਦਿਨਾਂ ਲਈ ਰੱਦ ਕਰ ਦਿੱਤਾ ਹੈ। ਉਥੇ ਹੀ ਦੂਜੇ ਪਾਸੇ ਖੇਤਾਬਾੜੀ ਮੰਤਰੀ ਅਰਜੁਨ ਮੁੰਡਾ ਵੱਲੋਂ ਪੰਜਵੇਂ ਦੌਰ ਦੀ ਮੀਟਿੰਗ ਦਾ ਕਿਸਾਨਾਂ ਨੂੰ ਸੱਦਾ ਵੀ ਦਿੱਤਾ ਗਿਆ ਹੈ।