
ਅਮਰੀਕਾ ਅਤੇ ਬਰਤਾਨੀਆਂ ਨੇ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿਚ ਵਪਾਰਕ ਜਹਾਜ਼ਾਂ ’ਤੇ ਹੁਤੀ ਹਮਲਿਆਂ ਵਿਚ ਹਾਲ ਹੀ ਵਿਚ ਹੋਏ ਵਾਧੇ ਦੇ ਜਵਾਬ ਵਿਚ ਵੀਰਵਾਰ ਨੂੰ ਯਮਨ ਵਿਚ ਈਰਾਨ ਸਮਰਥਿਤ ਵਿਦਰੋਹੀ ਸਮੂਹ ਦੇ 13 ਟਿਕਾਣਿਆਂ ’ਤੇ ਹਮਲਾ ਕੀਤਾ।
ਤਿੰਨ ਅਮਰੀਕੀ ਅਧਿਕਾਰੀਆਂ ਨੇ ਦਸਿਆ ਕਿ ਅਮਰੀਕਾ ਅਤੇ ਬਰਤਾਨੀਆਂ ਦੇ ਜੰਗੀ ਜਹਾਜ਼ਾਂ ਅਤੇ ਅਮਰੀਕੀ ਜਹਾਜ਼ਾਂ ਨੇ ਕਈ ਜ਼ਮੀਨਦੋਜ਼ ਟਿਕਾਣਿਆਂ, ਮਿਜ਼ਾਈਲ ਲਾਂਚ ਸਾਈਟਾਂ, ਹੂਤੀ ਵਿਦਰੋਹੀਆਂ ਦੇ ਕਬਜ਼ੇ ਵਾਲੀ ਥਾਂ, ਇਕ ਹੂਤੀ ਜਹਾਜ਼ ਅਤੇ ਹੋਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਫ਼ੌਜੀ ਮੁਹਿੰਮ ਦੀ ਜਾਣਕਾਰੀ ਦਿਤੀ।
ਅਮਰੀਕਾ ਨੇ ਯਮਨ ਦੇ ਹੂਤੀ ਕੰਟਰੋਲ ਵਾਲੇ ਇਲਾਕਿਆਂ ’ਚ ਅੱਠ ਮਨੁੱਖ ਰਹਿਤ ਹਵਾਈ ਗੱਡੀਆਂ ’ਤੇ ਵੀ ਹਮਲਾ ਕੀਤਾ, ਜਿਨ੍ਹਾਂ ਨੂੰ ਅਮਰੀਕਾ ਅਤੇ ਉਸ ਦੇ ਸਾਥੀ ਬਲਾਂ ਲਈ ਖਤਰਾ ਮੰਨਿਆ ਜਾਂਦਾ ਸੀ। 12 ਜਨਵਰੀ ਤੋਂ ਬਾਅਦ ਇਹ ਪੰਜਵੀਂ ਵਾਰ ਹੈ ਜਦੋਂ ਅਮਰੀਕਾ ਅਤੇ ਬਰਤਾਨੀਆਂ ਦੀਆਂ ਫੌਜਾਂ ਨੇ ਹੂਤੀ ਵਿਰੁਧ ਸਾਂਝੀ ਮੁਹਿੰਮ ਚਲਾਈ ਹੈ। ਹਾਲਾਂਕਿ, ਅਮਰੀਕਾ ਵਿਦਰੋਹੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਲਗਭਗ ਰੋਜ਼ਾਨਾ ਹਮਲੇ ਕਰ ਰਿਹਾ ਹੈ, ਜਿਸ ’ਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਮਿਜ਼ਾਈਲਾਂ ਅਤੇ ਡਰੋਨ ਨੂੰ ਰੋਕਣਾ ਸ਼ਾਮਲ ਹੈ।
ਹੁਤੀ ਨੇ ਹਾਲ ਹੀ ਦੇ ਮਹੀਨਿਆਂ ਵਿਚ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿਚ ਵਪਾਰਕ ਜਹਾਜ਼ਾਂ ’ਤੇ ਹਮਲੇ ਤੇਜ਼ ਕਰ ਦਿਤੇ ਹਨ। ਬਾਗ਼ੀ ਇਜ਼ਰਾਈਲ ਤੋਂ ਗਾਜ਼ਾ ਵਿਚ ਜੰਗ ਖਤਮ ਕਰਨ ਦੀ ਮੰਗ ਕਰ ਰਹੇ ਹਨ, ਜਿਸ ਵਿਚ 36,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ।