
ਭਾਰਤੀ ਮੌਸਮ ਵਿਭਾਗ (IMD) ਨੇ ਆਪਣੇ ਪੂਰਵ ਅਨੁਮਾਨ ‘ਚ ਸੋਮਵਾਰ ਯਾਨੀ ਕਿ ਅੱਜ ਦੱਸਿਆ ਕਿ ਇਸ ਸਾਲ ਮਾਨਸੂਨ ਦੌਰਾਨ ਪੂਰੇ ਦੇਸ਼ ਵਿਚ ਆਮ ਨਾਲੋਂ ਵਧੇਰੇ ਮੀਂਹ ਪੈਣ ਦੀ ਸੰਭਾਵਨਾ ਹੈ। IMD ਦੇ ਮੁਖੀ ਮ੍ਰਿਤੁੰਜੇ ਮਹਾਪਾਤਰਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਦੇਸ਼ ਵਿਚ 2024 ‘ਚ ਦੱਖਣੀ-ਪੱਛਮੀ ਮਾਨਸੂਨ ਤਹਿਤ 1 ਜੂਨ ਤੋਂ 30 ਸਤੰਬਰ ਦਰਮਿਆਨ ਮਾਨਸੂਨ ਮੌਸਮੀ ਮੀਂਹ ਦੀ ਲੰਬੀ ਮਿਆਦ ਔਸਤ (LPA) ਦਾ 106 ਫੀਸਦੀ ਰਹਿਣ ਦੀ ਸੰਭਾਵਨਾ ਹੈ। ਯਾਨੀ ਕਿ ਜੂਨ ਤੋਂ ਸਤੰਬਰ ਤੱਕ 4 ਮਹੀਨਿਆਂ ਵਿਚ 96 ਤੋਂ 104 ਫ਼ੀਸਦੀ ਵਿਚਾਲੇ ਮੀਂਹ ਪੈ ਸਕਦਾ ਹੈ।
ਦੱਸਣਯੋਗ ਹੈ ਕਿ ਭਾਰਤ ਵਿਚ ਆਮ ਤੌਰ ‘ਤੇ ਮਾਨਸੂਨ 1 ਜੂਨ ਦੇ ਆਲੇ-ਦੁਆਲੇ ਕੇਰਲ ਦੇ ਰਸਤਿਓਂ ਆਉਂਦਾ ਹੈ। 4 ਮਹੀਨੇ ਦੀ ਬਰਸਾਤ ਮਗਰੋਂ ਯਾਨੀ ਕਿ ਸਤੰਬਰ ਦੇ ਅਖ਼ੀਰ ਵਿਚ ਰਾਜਸਥਾਨ ਦੇ ਰਸਤਿਓਂ ਇਸ ਦੀ ਵਾਪਸੀ ਹੁੰਦੀ ਹੈ। IMD ਨੇ ਦੱਸਿਆ ਕਿ ਮਾਨਸੂਨ ਨੂੰ ਲੈ ਕੇ ਅਗਲੀ ਸੰਭਾਵਨਾ ਮਈ ਦੇ ਆਖ਼ਰੀ ਹਫ਼ਤੇ ਵਿਚ ਜਾਰੀ ਕੀਤੀ ਜਾਵੇਗੀ। ਪਿਛਲੇ ਸਾਲ IMD ਨੇ 96 ਫ਼ੀਸਦੀ ਮੀਂਹ ਦਾ ਅਨੁਮਾਨ ਜਤਾਇਆ ਸੀ। ਉਸ ਦੌਰਾਨ ਅਨੁਮਾਨ ਤੋਂ 2 ਫ਼ੀਸਦੀ ਘੱਟ ਯਾਨੀ ਕਿ 94 ਫ਼ੀਸਦੀ ਹੀ ਮੀਂਹ ਪਿਆ ਸੀ।