
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਟਾਨ ਦੇ ਦੋ ਦਿਨਾਂ ਸਰਕਾਰੀ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਾਇਲ ਵਾਂਗਚੱਕ ਨਾਲ ਮੁਲਾਕਾਤ ਕੀਤੀ। ਭੂਟਾਨ ਦੇ ਰਾਜੇ ਨੂੰ ਮਿਲਣ ਤੋਂ ਪਹਿਲਾਂ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ‘ਨੇਬਰਹੁੱਡ ਫਸਟ’ ਦੀ ਨੀਤੀ ਤਹਿਤ ਭੂਟਾਨ ਨਾਲ ਭਾਰਤ ਦੇ ਵਿਲੱਖਣ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ 2 ਦਿਨਾਂ ਰਾਜ ਦੌਰੇ ‘ਤੇ ਭੂਟਾਨ ਪਹੁੰਚੇ। ਆਪਣੇ ਪਹੁੰਚਣ ਤੋਂ ਘੰਟੇ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਖ਼ੂਬਸੂਰਤ ਦੇਸ਼ ਵਿੱਚ “ਯਾਦਗਾਰ ਸਵਾਗਤ” ਲਈ ਭੂਟਾਨੀ ਲੋਕਾਂ ਦੇ ਧੰਨਵਾਦੀ ਹਨ।
ਉਨ੍ਹਾਂ ਭਾਰਤ-ਭੂਟਾਨ ਦੋਸਤੀ “ਨਵੀਂਆਂ ਉਚਾਈਆਂ ਛੂੰਹਦੇ ਰਹਿਣ” ਦੀ ਉਮੀਦ ਪ੍ਰਗਟਾਈ। ਮੋਦੀ ਨੇ ਇਕ ਪੋਸਟ ‘ਚ ਲਿਖਿਆ, ”ਮੈਂ ਭੂਟਾਨ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਦਾ ਉਨ੍ਹਾਂ ਦੇ ਖੂਬਸੂਰਤ ਦੇਸ਼ ‘ਚ ਯਾਦਗਾਰ ਸਵਾਗਤ ਲਈ ਧੰਨਵਾਦੀ ਹਾਂ।’ ਉਨ੍ਹਾਂ ਨੇ ਭੂਟਾਨ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਆਪਣੀ ਗੱਲਬਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਦੌਰਾ ਭਾਰਤ ਅਤੇ ਭੂਟਾਨ ਦਰਮਿਆਨ ਨਿਯਮਤ ਰੂਪ ਨਾਲ ਹੋਣ ਵਾਲੀ ਉੱਚ-ਪੱਧਰੀ ਆਦਾਨ-ਪ੍ਰਦਾਨ ਦੀ ਪਰੰਪਰਾ ਅਤੇ ਸਰਕਾਰ ਦੀ ‘ਨੇਬਰਹੁੱਡ ਫਸਟ’ ਦੀ ਨੀਤੀ ‘ਤੇ ਜ਼ੋਰ ਦੇਣ ਦੀ ਕਵਾਇਦ ਦੇ ਅਨੁਰੂਪ ਹੈ।