ਪ੍ਰਾਈਵੇਟ ਹਸਪਤਾਲਾਂ ’ਚ ਸਿਜੇਰੀਅਨ ਦੇ ਮਾਮਲੇ ਵਧੇਰੇ, ਆਮ ਡਿਲੀਵਰੀ ਵਾਲੇ ਜਣੇਪਾ ਘਰ ਰਹਿੰਦੇ ਹਨ ਖ਼ਾਲੀ

ਰਾਸ਼ਟਰੀ ਰਾਜਧਾਨੀ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ’ਚ 2022 ’ਚ ਲਗਭਗ 2 ਲੱਖ 82 ਹਜ਼ਾਰ ਬੱਚਿਆਂ ਨੇ ਜਨਮ ਲਿਆ। ਇਨ੍ਹਾਂ ’ਚੋਂ ਲਗਭਗ 38 ਫੀਸਦੀ ਭਾਵ 1 ਲੱਖ 7 ਹਜ਼ਾਰ ਬੱਚਿਆਂ ਦਾ ਜਨਮ ਸਿਜੇਰੀਅਨ ਆਪਰੇਸ਼ਨ ਰਾਹੀਂ ਹੋਇਆ। ਨਾਰਮਲ ਡਿਲੀਵਰੀ ਰਾਹੀਂ ਪਿਛਲੇ ਸਾਢੇ ਚਾਰ ਸਾਲਾਂ ’ਚ ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਦੇ 17 ਜਣੇਪਾ ਘਰਾਂ ’ਚ ਸਿਰਫ਼ 31,121 ਜਣੇਪੇ ਹੋਏ। ਉਹ ਲਗਭਗ ਖਾਲੀ ਹੀ ਰਹਿੰਦੇ ਹਨ। ਦਿੱਲੀ ਸਰਕਾਰ ਦੇ ਆਰਥਿਕ ਤੇ ਅੰਕੜਾ ਵਿਭਾਗ ਵਲੋਂ ਰਾਜਧਾਨੀ ’ਚ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਦੀ 2022 ਦੀ ਸਾਲਾਨਾ ਰਿਪੋਰਟ ਅਨੁਸਾਰ 2022 ’ਚ ਦਿੱਲੀ ’ਚ ਕੁੱਲ 2,82,389 ਬੱਚਿਆਂ ਦਾ ਜਨਮ ਹੋਇਆ ਸੀ। ਇਨ੍ਹਾਂ ’ਚੋਂ 1,81,892 ਬੱਚਿਆਂ ਦਾ ਜਨਮ ਨਾਰਮਲ ਡਿਲੀਵਰੀ ਰਾਹੀਂ ਤੇ 1,07,079 ਬੱਚਿਆਂ ਦਾ ਜਨਮ ਸਿਜੇਰੀਅਨ ਆਪਰੇਸ਼ਨ ਰਾਹੀਂ ਹੋਇਆ। 

ਰਿਪੋਰਟ ਅਨੁਸਾਰ ਦਿੱਲੀ ਦੇ ਸ਼ਹਿਰੀ ਖੇਤਰਾਂ ’ਚ ਸਥਿਤ ਸਰਕਾਰੀ ਹਸਪਤਾਲਾਂ ’ਚ ਕੁੱਲ 1,65,826 ਬੱਚਿਆਂ ਦਾ ਜਨਮ ਹੋਇਆ। ਇਨ੍ਹਾਂ ’ਚੋਂ 44,040 ਬੱਚਿਆਂ ਦਾ ਜਨਮ ਸਿਜੇਰੀਅਨ ਰਾਹੀਂ ਹੋਇਆ। ਪ੍ਰਾਈਵੇਟ ਹਸਪਤਾਲਾਂ ’ਚ ਕੁੱਲ 87,629 ਬੱਚਿਆਂ ਦਾ ਜਨਮ ਹੋਇਆ, ਜਿਨ੍ਹਾਂ ’ਚੋਂ 53,446 ਦਾ ਜਨਮ ਸਿਜ਼ੇਰੀਅਨ ਰਾਹੀਂ ਤੇ 32,756 ਬੱਚਿਆਂ ਦਾ ਜਨਮ ਨਾਰਮਲ ਡਿਲੀਵਰੀ ਰਾਹੀਂ ਹੋਇਆ। ਅੰਕੜਿਆਂ ਮੁਤਾਬਕ ਦਿੱਲੀ ਦੇ ਪੇਂਡੂ ਖੇਤਰਾਂ ’ਚ ਸਥਿਤ ਸਰਕਾਰੀ ਹਸਪਤਾਲਾਂ ’ਚ ਕੁੱਲ 21,079 ਬੱਚਿਆਂ ਦਾ ਜਨਮ ਹੋਇਆ। ਇਨ੍ਹਾਂ ‘ਚੋਂ 4,893 ਦਾ ਜਨਮ ਸਿਜੇਰੀਅਨ ਰਾਹੀਂ ਹੋਇਆ। ਪੇਂਡੂ ਖੇਤਰਾਂ ’ਚ ਸਥਿਤ ਪ੍ਰਾਈਵੇਟ ਹਸਪਤਾਲਾਂ ’ਚ ਕੁੱਲ 7,855 ਬੱਚਿਆਂ ਦਾ ਜਨਮ ਹੋਇਆ। ਇਨ੍ਹਾਂ ’ਚੋਂ 4,700 ਬੱਚਿਆਂ ਦਾ ਜਨਮ ਸਿਜੇਰੀਅਨ ਰਾਹੀਂ ਤੇ 3,089 ਦਾ ਜਨਮ ਆਮ ਜਣੇਪੇ ਰਾਹੀਂ ਹੋਇਆ। ਇਸ ਦੇ ਨਾਲ ਹੀ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਐਕਟ ਅਧੀਨ ਦਾਇਰ ਅਰਜ਼ੀ ਦੇ ਜਵਾਬ ’ਚ ਐੱਮ. ਸੀ. ਡੀ. ਨੇ ਦੱਸਿਆ ਕਿ 2019-20 ਦੀ ਪਹਿਲੀ ਤਿਮਾਹੀ ਭਾਵ ਅਪ੍ਰੈਲ – ਜੂਨ ਤੋਂ ਲੈ ਕੇ 2023-24 ਦੀ ਦੂਜੀ ਤਿਮਾਹੀ ਭਾਵ ਜੁਲਾਈ- ਸਤੰਬਰ ਤੱਕ ਕੁੱਲ 31,121 ਔਰਤਾਂ ਨੇ ਕੇਂਦਰ ਸਰਕਾਰ ਦੇ 17 ਜਣੇਪਾ ਘਰਾਂ ’ਚ ਬੱਚਿਆਂ ਨੂੰ ਜਨਮ ਦਿੱਤਾ । ਇਸ ਸਮੇਂ ਦੌਰਾਨ ਨਵਜੰਮੇ ਬਚਿਆਂ ਦੀ ਜਣੇਪੇ ਦੌਰਾਨ ਮੌਤ ਹੋ ਗਈ। ਸਿਹਤ ਵਿਭਾਗ ਨੇ ਆਰ. ਟੀ. ਆਈ. ਦੇ ਜਵਾਬ ’ਚ ਕਿਹਾ ਕਿ ਪਿਛਲੇ ਦੋ ਸਾਲਾਂ ’ਚ ਨਗਰ ਨਿਗਮ ਅਧੀਨ ਆਉਂਦੇ ਜਣੇਪਾ ਘਰਾਂ ’ਚ ਕਿਸੇ ਵੀ ਔਰਤ ਦੀ ਜਣੇਪੇ ਦੌਰਾਨ ਮੌਤ ਨਹੀਂ ਹੋਈ।

Leave a Reply

Your email address will not be published. Required fields are marked *