
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੇ ਸੈਨਿਕਾਂ ਨੂੰ ਨਵੇਂ ਬਣੇ ਬੈਟਲ ਟੈਂਕਾਂ ਦੀ ਸੰਚਾਲਨ ਸਿਖਲਾਈ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਟੈਂਕ ਦੱਸਿਆ। ਦੇਸ਼ ਦੇ ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਆਪਣੀ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ।
ਉੱਤਰੀ ਕੋਰੀਆ ਦੇ ਜੰਗੀ ਟੈਂਕ ਦੀ ਸਿਖਲਾਈ ਨੂੰ ਦੱਖਣੀ ਕੋਰੀਆ ਅਤੇ ਅਮਰੀਕਾ ਵਿਚਾਲੇ ਸਾਲਾਨਾ ਫੌਜੀ ਅਭਿਆਸਾਂ ਦੇ ਜਵਾਬ ਵਜੋਂ ਦੇਖਿਆ ਜਾਂਦਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇਹ ਫੌਜੀ ਅਭਿਆਸ ਵੀਰਵਾਰ ਦੇਰ ਸ਼ਾਮ ਖਤਮ ਹੋਣਾ ਹੈ। ਉੱਤਰੀ ਕੋਰੀਆ ਦਾ ਮੰਨਣਾ ਹੈ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਦਾ ਇਹ ਅਭਿਆਸ ਉਸ ‘ਤੇ ਹਮਲਾ ਕਰਨ ਦੀਆਂ ਤਿਆਰੀਆਂ ਦਾ ਹਿੱਸਾ ਹੈ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਬੁੱਧਵਾਰ ਨੂੰ ਕਰਵਾਈ ਗਈ ਸਿਖਲਾਈ ਦਾ ਮਕਸਦ ਟੈਂਕਾਂ ਨੂੰ ਚਲਾਉਣ ਵਾਲੇ ਜਵਾਨਾਂ ਦੀ ਲੜਾਕੂ ਸਮਰੱਥਾ ਦਾ ਨਿਰੀਖਣ ਕਰਨਾ ਸੀ। ਰਿਪੋਰਟ ਮੁਤਾਬਕ ਇਸ ਵਿਚ ਇਕ ਨਵੀਂ ਕਿਸਮ ਦਾ ਮੁੱਖ ਜੰਗੀ ਟੈਂਕ ਸ਼ਾਮਲ ਕੀਤਾ ਗਿਆ ਸੀ। ਕਿਮ ਜੋਂਗ ਉਨ ਅਨੁਸਾਰ ਇਹ “ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ” ਟੈਂਕ ਹੈ।