
ਦੇਸ਼ ਦੀਆਂ ਲੋਕ ਸਭਾ ਚੋਣਾਂ ਸਿਰ ’ਤੇ ਹਨ, ਸਾਰੀਆਂ ਪਾਰਟੀਆਂ ਗੱਠਜੋੜ ਕਰ ਕੇ ਸੀਟਾਂ ਦੀ ਲੈਣ ਦੇਣ ਕਰ ਰਹੀਆਂ ਹਨ ਪਰ ਪੰਜਾਬ ਵਿਚ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਅਜੇ ਹੋਣ ਦਾ ਨਾਂ ਨਹੀਂ ਲੈ ਰਿਹਾ ਸਗੋਂ ਦਿਨੋਂ-ਦਿਨ ਪਿੱਛੇ ਚੱਲ ਰਿਹਾ ਹੈ। ਗੱਠਜੋੜ ਵੈਸੇ ਤਾਂ ਹੋਣਾ ਹੀ ਹੈ ਕਿਉਂਕਿ ਦੋਵਾਂ ਪਾਰਟੀਆਂ ਨੂੰ ਗੱਠਜੋੜ ਦੀ ਲੋੜ ਹੈ, ਭਾਜਪਾ ਨੇ ਕਿਆਸ ਲਾ ਲਿਆ ਹੈ ਕਿ ਪੰਜਾਬ ਵਿਚ ਉਨ੍ਹਾਂ ਦੇ ਪੈਰ ਨਹੀਂ ਲੱਗਣਗੇ ਸ਼ਾਇਦ 2019 ਵਿਚ ਮਿਲੀਆਂ ਦੋ ਸੀਟਾਂ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨੂੰ ਵੀ ਬਚਾ ਨਾ ਸਕਣ।
ਇਸੇ ਤਰ੍ਹਾਂ ਅਕਾਲੀ ਦਲ ਵੀ ਸੋਚਦਾ ਹੈ ਕਿ ਅਸੀਂ 2019 ’ਚ ਮਿਲੀਆਂ ਬਠਿੰਡਾ, ਫਿਰੋਜ਼ਪੁਰ ਲੋਕ ਸਭਾ ਸੀਟਾਂ ਬਚਾ ਪਾਵਾਂਗੇ, ਅਕਾਲੀ-ਭਾਜਪਾ ਗਠਜੋੜ ’ਚ ਇਕੋ ਹੀ ਅੜਿੱਚਣ ਹੈ ਜਾਂ ਅੜਿੱਕਾ ਹੈ ਉਹ ਹੈ ਕਿਸਾਨੀ ਅੰਦੋਲਨ, ਜੋ ਇਸ ਗਠਜੋੜ ਦੀ ਗਲੇ ਦੀ ਹੱਡੀ ਬਣਿਆ ਹੋਇਆ ਹੈ, ਜੇਕਰ ਕਿਸਾਨੀ ਅੰਦੋਲਨ 13 ਫਰਵਰੀ ਨੂੰ ਨਾ ਸ਼ੁਰੂ ਹੁੰਦਾ ਤਾਂ ਇਕ-ਦੋ ਦਿਨਾਂ ਵਿਚ ਹੀ ਸੁਖਬੀਰ ਬਾਦਲ ਅਤੇ ਅਮਿਤ ਸ਼ਾਹ ਦੀ ਮੀਟਿੰਗ ’ਚ ਗੱਠਜੋੜ ਹੋ ਜਾਣਾ ਸੀ ਤੇ ਹੁਣ ਤੱਕ ਸੀਟਾਂ ਦੀ ਵੰਡ ਵੀ ਹੋ ਜਾਣੀ ਸੀ, ਹੁਣ ਜਿਹੜੇ ਅਕਾਲੀ ਦਲ ਦੇ ਧਾਕੜ ਬਜ਼ੁਰਗ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵਾਪਸ ਅਕਾਲੀ ਦਲ ’ਚ ਸ਼ਾਮਲ ਹੋ ਗਏ ਹਨ, ਇਸ ਨਾਲ ਢੀਂਡਸਾ ਦਾ ਕੱਦ ਭਾਵੇਂ ਇੰਨਾ ਨਾ ਵਧਿਆ ਹੋਵੇ, ਜਿੰਨਾ ਸੁਖਬੀਰ ਬਾਦਲ ਅਤੇ ਉਸ ਦੀ ਸਹਿਯੋਗੀ ਅਕਾਲੀ ਦਲ ਆਗੂਆਂ ਦਾ ਵਧਿਆ। ਇਨ੍ਹਾਂ ਦੇ ਚਿਹਰਿਆਂ ’ਤੇ ਖੇੜਾ ਹੈ ਤੇ ਬੁੱਲੀਆਂ ’ਚ ਮੁਸਕਾਨ ਝਲਕਦੀ ਹੈ ਪਰ ਦੂਜੇ ਪਾਸੇ ਕਿਸਾਨੀ ਅੰਦੋਲਨ ਅਜੇ ਵੀ ਹੈ, ਹੁਣ ਬਸ ਦੋਵੇਂ ਸਿਆਸੀ ਧਿਰਾਂ ਇਸੇ ਤਾਂਘ ਵਿਚ ਹਨ ਕਿ ਕਿਸਾਨੀ ਅੰਦੋਲਨ ਖ਼ਤਮ ਹੋ ਜਾਵੇ। ਗੱਠਜੋੜ ਦਾ ਦੋਵੇਂ ਅਕਾਲੀ ਦਲ ਅਤੇ ਭਾਜਪਾ ਨੂੰ ਫਾਇਦਾ ਹੋਵੇਗਾ, ਇਸ ਲਈ ਦੋਵੇਂ ਪਾਰਟੀਆਂ ਪੱਬਾਂ ਭਾਰ ਹੈ।