ਬ੍ਰਿਟੇਨ ਸਰਕਾਰ ਇਨ੍ਹਾਂ ਲੋਕਾਂ ਦੀ ਐਂਟਰੀ ਬੈਨ ਕਰਨ ਦੀ ਬਣਾ ਰਹੀ ਯੋਜਨਾ, ਜਾਣੋ ਵਜ੍ਹਾ

ਨਵੀਆਂ ਯੋਜਨਾਵਾਂ ਤਹਿਤ ਸੂਚੀ ਵਿਚ ਸ਼ਾਮਲ ਲੋਕਾਂ ਨੂੰ ਆਪਣੇ-ਆਪ ਹੀ ਬ੍ਰਿਟੇਨ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਜਾਵੇਗਾ। ਇਹ ਜਾਣਕਾਰੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਲੰਡਨ ਵਿਚ ਪਿਛਲੇ ਦਿਨੀਂ ਇਕ ਭਾਸ਼ਣ ਦੇਣ ਦੇ ਕੁਝ ਦਿਨ ਬਾਅਦ ਸਾਹਮਣੇ ਆਈ ਹੈ, ਜਿਸ ਵਿਚ ਉਨ੍ਹਾਂ ਨੇ ਚਿਤਾਵਨੀ ਦਿੱਤੀ ਸੀ ਕਿ ਦੇਸ਼ ਦੀਆਂ ਜਮਹੂਰੀ ਅਤੇ ਬਹੁ-ਵਿਸ਼ਵਾਸੀ ਕਦਰਾਂ-ਕੀਮਤਾਂ ਨੂੰ ਕੱਟੜਪੰਥੀਆਂ ਤੋਂ ਖ਼ਤਰਾ ਹੈ। ਸੁਨਕ ਨੇ ਸ਼ੁੱਕਰਵਾਰ ਨੂੰ ਆਪਣੇ ਭਾਸ਼ਣ ਵਿਚ ਕਿਹਾ ਸੀ, ‘ਅਸੀਂ ਉਨ੍ਹਾਂ ਲੋਕਾਂ ਨੂੰ ਇਸ ਦੇਸ਼ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਵੀ ਕਾਰਵਾਈ ਕਰਾਂਗੇ, ਜਿਨ੍ਹਾਂ ਦਾ ਉਦੇਸ਼ ਇਸ ਦੀਆਂ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰਨਾ ਹੈ।’

ਬ੍ਰਿਟੇਨ ਦੀ ਸਰਕਾਰ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਨਵੀਆਂ ਯੋਜਨਾਵਾਂ ਤਹਿਤ ਪਾਕਿਸਤਾਨ, ਅਫਗਾਨਿਸਤਾਨ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਤੋਂ ਕੱਟੜਪੰਥੀ ਇਸਲਾਮੀ ਵਿਚਾਰਾਂ ਵਾਲੇ ਪ੍ਰਚਾਰਕਾਂ ਨੂੰ ਬ੍ਰਿਟੇਨ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਜਾਣਕਾਰੀ ਐਤਵਾਰ ਨੂੰ ਇਕ ਖ਼ਬਰ ਵਿਚ ਦਿੱਤੀ ਗਈ।‘ਦਿ ਡੇਲੀ ਟੈਲੀਗ੍ਰਾਫ’ ਦੀ ਖ਼ਬਰ ਮੁਤਾਬਕ ਬ੍ਰਿਟਿਸ਼ ਸਰਕਾਰ ਕੱਟੜਪੰਥੀ ਸਰਗਰਮੀਆਂ ’ਚ ਹੈਰਾਨ ਕਰਨ ਵਾਲੇ ਵਾਧੇ ਤੋਂ ਚਿੰਤਿਤ ਹੈ ਅਤੇ ਅਧਿਕਾਰੀਆਂ ਨੂੰ ਵਿਦੇਸ਼ਾਂ ਤੋਂ ਸਭ ਤੋਂ ਖ਼ਤਰਨਾਕ ਕੱਟੜਪੰਥੀਆਂ ਦੀ ਪਛਾਣ ਕਰਨ ਲਈ ਨਿਯੁਕਤ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਵੀਜ਼ਾ ਚਿਤਾਵਨੀ ਸੂਚੀ ਵਿਚ ਸ਼ਾਮਲ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਗ੍ਰਹਿ ਸਕੱਤਰ ਨੇ ਨਿਰਦੇਸ਼ ਦਿੱਤੇ ਹਨ ਕਿ ਜੇਕਰ ਵੀਜ਼ੇ ’ਤੇ ਆਏ ਲੋਕ ਪ੍ਰਦਰਸ਼ਨਾਂ ਦੌਰਾਨ ਨਫ਼ਰਤ ਫੈਲਾਉਂਦੇ ਹਨ ਜਾਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਅਸੀਂ ਉਨ੍ਹਾਂ ਦਾ ਇਥੇ ਰਹਿਣ ਦਾ ਹੱਕ ਖੋਹ ਲਵਾਂਗੇ। ਬ੍ਰਿਟਿਸ਼ ਭਾਰਤੀ ਨੇਤਾ ਨੇ ਇਜ਼ਰਾਈਲ-ਹਮਾਸ ਸੰਘਰਸ਼ ਖਿਲਾਫ ਦੇਸ਼ ਦੀਆਂ ਸੜਕਾਂ ’ਤੇ ਉਤਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਅਪੀਲ ਕੀਤੀ ਸੀ ਕਿ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਕੱਟੜਪੰਥੀਆਂ ਵੱਲੋਂ ਕੰਟਰੋਲ ਨਾ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਫੁੱਟ ਪਾਊ ਤਾਕਤਾਂ ਦਾ ਟਾਕਰਾ ਕਰੀਏ ਅਤੇ ਇਸ ‘ਜ਼ਹਿਰ’ ਨੂੰ ਹਰਾ ਦੇਈਏ। ਸਾਨੂੰ ਕੱਟੜਪੰਥੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ, ਜੋ ਸਾਨੂੰ ਤੋੜ ਦੇਣਗੇ। ਇਸਲਾਮੀ ਕੱਟੜਪੰਥੀ ਅਤੇ ਦੱਖਣਪੰਥੀ ਇਕ-ਦੂਜੇ ਨੂੰ ਉਤਸ਼ਾਹਿਤ ਕਰਦੇ ਹਨ। ਸ਼ਨੀਵਾਰ ਨੂੰ ਫਿਲਸਤੀਨ ਸਮਰਥਕ ਵਿਰੋਧ ਪ੍ਰਦਰਸ਼ਨ ਲਈ ਹਜ਼ਾਰਾਂ ਲੋਕ ਸੜਕਾਂ ’ਤੇ ਨਿਕਲ ਆਏ। ਇਸ ਦੌਰਾਨ ਲੰਡਨ ਵਿਚ ਮੈਟਰੋਪੋਲੀਟਨ ਪੁਲਸ ਨੇ ਸ਼ਾਂਤੀ ਭੰਗ ਕਰਨ ਵਾਲੀਆਂ ਸਰਗਰਮੀਆਂ ਲਈ 12 ਗ੍ਰਿਫਤਾਰੀਆਂ ਕੀਤੀਆਂ।

Leave a Reply

Your email address will not be published. Required fields are marked *